ਸੁਖਨੈਬ ਸਿੰਘ ਸਿੱਧੂ
ਉਹਨਾਂ ਦਿਨਾਂ ‘ਚ ‘ਮਾਨਸਾ ਦੀ ਆਵਾਜ’ ਅਖਬਾਰ ਦਾ ਪੱਤਰਕਾਰ ਬਣਨ ਦੀ ਸੋਚੀ । ਕਿਸੇ ਅਖਬਾਰ ‘ਚੋਂ ਕਲਾਸੀਫਾਈਡ ਇਸ਼ਤਿਹਾਰ ਪੜ੍ਹਕੇ ਚਿੱਠੀ ਲਿਖੀ ‘ਤੇ ਚਿੱਠੀ ਦੇ ਜਵਾਬ ‘ਚ ਸੱਦਾ ਪੱਤਰ ਆਇਆ ‘ਤੇ ਆਪਾਂ ਮਾਨਸਾ ਜਾ ਪ੍ਰਗਟ ਹੋਏ। ਉੱਥੇ ਅਸੀਂ ਚਾਰ ਵਿਅਕਤੀ ਸੀ । ਜਿੰਨ੍ਹਾਂ ‘ਚ ਗਿਲਜੇਵਾਲਾ ਪਿੰਡ , ਜਿਲ੍ਹਾ ਮੁਕਤਸਰ ਤੋਂ ਕੋਈ ਭੱਟੀ ਨਾਮ ਦਾ ਮੁੰਡਾ , ਇੱਕ ਮੁਕੰਦਪੁਰ ਤੋਂ । ਤੀਜਾ ਲਾਲ ਚੰਦ , ਚੰਦ ਸਾਹਬੂ , ਅੱਪਰਾ ਤੋਂ ।
ਲਾਲ ਚੰਦ ਸਾਡੇ ਨਾਲੋ ਜਿ਼ਆਦਾ ਚੁਸਤ ‘ਤੇ ਤੇਜ ਤਰਾਰ ਲੱਗਦਾ ਸੀ । ਸਾਹਿਤ ਬਾਰੇ ਕਾਫੀ ਜਾਣਕਾਰੀ ਸੀ ।
ਇੱਕ ਕਮਰੇ ‘ਚ ਇੰਟਰਵਿਊ ਹੋਈ 150 ਰੁਪਈਆ ਸਾਡੇ ਤੋਂ ਸ਼ਨਾਖਤੀ ਕਾਰਡ ਦਾ ਖਰਚ ਲਿਆ ਜਿਹੜਾ ਬਿਨਾ ਹੀਲ ਹੁੱਜ਼ਤ ਦੇ ਦਿੱਤਾ। ਇੰਟਰਵਿਊ ਲੈਣ ਵਾਲੇ ਤਿੰਨ ਮੈਂਬਰੀ ‘ਪੈਨਲ’ ਚ ਇੱਕ ਬੀਬੀ ਵੀ ਸੀ । ਜਿਹੜੀ ਸਵਾਲ ਕਰਦੀ ਸੀ , ਮੈਨੂੰ ਪੱਤਰਕਾਰਿਤਾ ਬਾਰੇ ਦੋ –ਚਾਰ ਸਵਾਲ ਪੁੱਛੇ।
‘ਤੇ ਕਹਿੰਦੇ ਤੂੰ ਕੁਝ ਕਹਿਣਾ , ਮੈਂ ਕਿਹਾ,’ ਮਾਨਸਾ ਦੀ ਆਵਾਜ਼ ਅਖਬਾਰ ਮਾਨਸਾ ‘ਚ ਛਪੇਗਾ ਜਾਂ ਪੂਰੇ ਪੰਜਾਬ ‘ਚ,’ ਕਹਿੰਦੇ , ” ਪੂਰੇ ਪੰਜਾਬ ‘ਚ ”
ਮੈਂ ਕਿਹਾ ਫਿਰ ਇਸਦਾ ਨਾਂਮ ਤਾਂ ਲੋਕਲ ਅਖਬਾਰ ਦਾ ਲੱਗਦਾ।
ਖੈਰ ਬਾਕੀਆਂ ਦੀ ਇੰਟਰਵਿਊ ਹੋਈ । ਆਮ ਬੰਦੇ 10 ਕੁ ਮਿੰਟ ‘ਚ 150-150 ਰੁਪਏ ਦੇ ਕੇ ਭਵਿੱਖ ਦੇ ਪੱਤਰਕਾਰ ਬਣਨ ਦੀ ਆਸ ‘ਚ ਚੁੱਕਮੇਂ ਪੈਰੀ ਬੱਸ ਅੱਡੇ ਨੂੰ ਤੁਰ ਪਏ। ਰਸਤੇ ‘ਚ ਸਾਰਿਆਂ ਨੇ ਇੱਕ ਦੂਜੇ ਨਾਲ ਨਾਂ- ਪਤੇ ਵਟਾ ਲਏ ਕਿ ਜਰੂਰਤ ਪੈਣ ‘ਤੇ ਗੱਲ ਹੋ ਸਕੇ । ਲਾਲ ਚੰਦ ਨੇ ਸਾਨੂੰ ਸਾਰਿਆਂ ਨੂੰ ਆਪਣੇ ਆਉਣ ਵਾਲੇ ਨਾਵਲ ‘ਦੋ ਪਲ ਛਾਂ’ ਦਾ ਇਸ਼ਤਿਹਾਰ ਦਿੱਤੇ।
ਜਿਹੜੇ ਮੈਂ ਬਾਅਦ ‘ਚ ਆਪਣੇ ਪਿੰਡ ਲਾ ਦਿੱਤੇ। ਲਾਲ ਚੰਦ ਕਦੇ ਚਿੱਠੀ ਲਿਖਦਾ ਬਹੁਤ ਭਾਵਪੂਰਤ ਚਿੱਠੀ ਹੁੰਦੀ । ਮੈਂ ਵੀ ਉਹਨੂੰ ਜਵਾਬੀ ਚਿੱਠੀ ਲਿਖਦਾ । ਗਿਲਜੇਵਾਲੇ ਭੱਟੀ ਨੂੰ ਚਿੱਠੀ ਲਿਖੀ ਉਹਦਾ ਜਵਾਬ ਨਾ ਆਇਆ ਜਾ ਚਿੱਠੀ ਗਰੀਬਾਂ ਨੂੰ ਮਿਲਦੀ ਸਬਸਿਡੀ ਵਾਂਗ ਸਹੀ ਥਾਂ ‘ਤੇ ਪਹੁੰਚੀ ਨਹੀਂ ।
ਲਾਲ ਆਪਣੇ ਵਿਆਹ ‘ਤੇ ਆਉਣ ਲਈ ਚਿੱਠੀ ਪਾਈ । ਉਹ ਰਤਨ ਹਸਪਤਾਲ ਅੱਪਰਾ ‘ਚ ਮੈਡੀਕਲ ਕਰਦਾ ਸੀ , ਮੈਂ ਫੋਨ ‘ਤੇ ਕੀਤਾ ਅੱਗਿਓ ਕਿਸੇ ਨੇ ਗੱਲ ਨਾ ਕਰਾਈ । ਅਨਜਾਣ ਜਿਹੇ ਇਲਾਕੇ ‘ਚ ਮੈਂ ਬਿਨਾ ਜਾਣ ਪਛਾਣ ਦੇ ਜਾਣਾ ਠੀਕ ਨਾ ਸਮਝਿਆ , ਉਦੋਂ ਮੈਂ ਇਹ ਸਮਝਦਾ ਸੀ , ਹੁਣ ਤਾਂ ਜਿੱਥੋਂ ਮਰਜ਼ੀ ਖੜ੍ਹ ਕੇ ਸਟੇਟਸ ਪਾ ਦਿਓ , ਕੋਈ ਨਾ ਕੋਈ ਸੱਜਣ ਮਿੱਤਰ ਮਿਲ ਹੀ ਜਾਂਦਾ ।
ਕੁਝ ਮਹੀਨਿਆਂ ਬਾਅਦ 1998’ਚ ਉਹਦੀ ਚਿੱਠੀ ਆਈ ਕਿ ਮੈਨੂੰ ਪਤਾ ਨਹੀਂ ਆਉਣਾ ਪਰ ਮੈਂ ਉਡੀਕ ਕਰਾਂਗਾ ਮੇਰਾ ਨਾਵਲ ‘ਦੋ ਪਲ ਛਾਂ’ ਰਿਲੀਜ ਹੈ , ਨਾਲ ਤਰੀਕ ਦਿੱਤੀ ਸੀ । ਪਰ ਜਦੋਂ ਮੈਨੂੰ ਚਿੱਠੀ ਮਿਲੀ ਉਦੋਂ ਤੱਕ ਨਾਵਲ ਦਾ ਰਿਲੀਜ ਸਮਾਗਮ ਨਿਕਲ ਚੁੱਕਾ ਸੀ । ਉਹਦੀ ਨਿਹੋਰੇ ਭਰੀ ਚਿੱਠੀ ਨੇ ਜੱਟ ਦੀ ਅਣਖ ਨੂੰ ਝੰਜੋੜਿਆਂ ‘ਤੇ ਮੈਂ ਫਿਲੌਰ ਰਾਹੀ ਅੱਪਰਾ ਪਹੁੰਚਿਆ ‘ਤੇ ਜੋ ਖੁਸ਼ੀ ਲਾਲ ਚੰਦ ਤੇ ਉਸਦੇ ਪਰਿਵਾਰ ਨੂੰ ਹੋਈ
ਤੇ ਪਰਿਵਾਰ ਨੇ ਦੱਸਿਆ ਕਿ ਕਿਮੇਂ ਉਹਨੇ ਆਪਣੇ ਵਿਆਹ ‘ਤੇ ਮੇਰੀ ਉਡੀਕ ਕੀਤੀ ਤੇ ਫਿਲੌਰ ‘ਚ ਗੱਡੀ ਭੇਜੀ ਸੀ ਕਿ ਮੇਰੇ ਦੋਸਤ ਨੇ ਆਉਣਾ ।
ਮੈਨੂੰ ਅਫਸੋਸ ਵੀ ਹੋਇਆ, ਆਪਣੀ ਹਸਤੀ ਅਤੇ ਦੋਸਤੀ ‘ਤੇ ਮਾਣ ਵੀ ।
ਫਿਰ ਸਾਡਾ ਆਉਣਾ ਜਾਣਾ ਬਣਿਆ ਰਿਹਾ। ਜਦੋਂ ਵੀ ਜਲੰਧਰ ਜਾਣਾ ‘ਤੇ ਠਹਿਰ ਪੱਕੀ ਚੱਕ ਸਾਹਬੂ ਹੁੰਦੀ ।
ਪਰ ਵਿਆਹ ‘ਤੇ ਆਉਣ ਵਾਲੀ ਵੀੜੀ ਲਾਲ ਕਮਲ ਨੇ ਵੀ ਲਾਹ ਦਿੱਤੀ। ਮੇਰੀ ਮੈਰਿਜ ਪਾਰਟੀ ਅਤੇ ਭੈਣ ‘ਤੇ ਵਿਆਹ ਨਹੀਂ ਆਇਆ।
ਜਦੋਂ ਵੀ ਟਾਈਮ ਲੱਗਦਾ ਗਾਲੋਂ ਗਾਲੀ ਹੋ ਕੇ ਅਸੀਂ ਮਾਨਸਾ ਦੀ ਆਵਾਜ਼ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਦੁਸ਼ਮਣਾਂ ਵਰਗਾ ਦੋਸਤ ਤਾਂ ਮਿਲਿਆ ਜਿਹੜਾ ਚੇਤੇ ਰਹਿੰਦਾ ਹਰ ਵੇਲੇ ।