ਭਾਈ ਅਸ਼ੋਕ ਸਿੰਘ ਬਾਗੜੀਆਂ
ਰੈਫਰੈਂਡਮ 2020 ਤੋਂ ਪੈਦਾ ਹੋਇਆ ਵਿਵਾਦ ਸਿੱਖਾਂ ਵਾਸਤੇ ਬਹੁਤ ਖ਼ਤਰਨਾਕ ਹੈ। ਇਸ ਮਸਲੇ ਨੂੰ ਹੱਲ ਕਰਨ ਦਾ ਜ਼ਿੰਮਾ ਸ਼੍ਰੋਮਣੀ ਅਕਾਲੀ ਦਲ ਦਾ ਬਣਦਾ ਹੈ ਕਿਉਂਕਿ ਇਹ ਮੁੱਦਾ ਨਿਰੋਲ ਸਿਆਸੀ ਹੈ। ਆਗੂਆਂ ਦੀ ਯਾਦਾਸ਼ਤ ਨੂੰ ਤਾਜ਼ਾ ਕਰਨ ਹਿੱਤ ਲਿਖਦਾ ਹਾਂ ਕਿ ਜਿਸ ਵਕਤ 1947 ਤੋਂ ਪਹਿਲਾਂ ਕਾਂਗਰਸ ਅਤੇ ਮੁਸਲਿਮ ਲੀਗ ਵਿਚ ਸਿੱਖਾਂ ਦੇ ਵਿਚਾਰ-ਵਟਾਂਦਰੇ ਚੱਲ ਰਹੇ ਸਨ ਤਾਂ ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਗਾਰੰਟੀ ਨਾਲ ਵਚਨਬੱਧਤਾ ਦੀ ਜੋ ਕਸਮ ਖਾਧੀ ਅਤੇ ਇਸ ਤਸੱਲੀ ਦੇ ਆਧਾਰ ‘ਤੇ ਹੀ ਸਾਡੇ ਤਤਕਾਲੀ ਆਗੂਆਂ ਨੇ ਕਾਂਗਰਸ ਨਾਲ ਜਾਣ ਦਾ ਫੈਸਲਾ ਕੀਤਾ। ਇਸ ਫੈਸਲੇ ਦੇ ਖ਼ਤਰੇ ਨੂੰ ਉਸ ਵਕਤ ਦੇ ਇਕ ਲੀਡਰ ਨੇ ਸਿੱਖਾਂ ਵਾਸਤੇ ਖ਼ਤਰਨਾਕ ਦੱਸਿਆ ਸੀ। ਵਚਨਬੱਧਤਾ ਇਹ ਸੀ ਕਿ ਉੱਤਰ ਵਿਚ ਐਸਾ ਖਿੱਤਾ ਹੋਵੇ ਜਿਸ ਵਿਚ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ। ਵੰਡ ਵਿਚ ਸਭ ਤੋਂ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਸਿੱਖਾਂ ਦਾ ਹੋਇਆ ਸੀ। ਜਿਸ ਵਕਤ ਹਿੰਦੁਸਤਾਨ ਆਜ਼ਾਦੀ ਮਨਾ ਰਿਹਾ ਸੀ, ਸਾਡੇ ਘਰ ਜਲ ਰਹੇ ਸਨ।
ਅਜੇ ਆਜ਼ਾਦੀ ਮਿਲੀ ਨੂੰ ਦੋ ਸਾਲ ਵੀ ਨਹੀਂ ਸੀ ਹੋਏ ਕਿ 11 ਮਈ 1949 ਨੂੰ ‘ਹੁਣ ਹਾਲਾਤ ਬਦਲ ਗਏ’ ਕਹਿ ਕੇ ਕਸਮ ਤੋੜ ਦਿੱਤੀ। ਸਾਰੇ ਮੁਲਕ ਵਿਚ ਜ਼ੁਬਾਨ ਦੇ ਆਧਾਰ ‘ਤੇ ਸੂਬੇ ਬਣਾਏ ਪਰ ਪੰਜਾਬੀ ਵਾਸਤੇ ਸਿਰਫ ਸਿੱਖਾਂ ਨੂੰ ਹੀ ਅੰਦੋਲਨ ਕਰਨਾ ਪਿਆ। ਮੁੱਕਦੀ ਗੱਲ, ਬਹੁ-ਗਿਣਤੀ ਨੇ ਆਪਣੀ ਮਾਂ ਬੋਲੀ ਭੁਲੀ ਦਿੱਤਾ ਤੇ ਪੰਜਾਬੀ ਸਿਰਫ ਸਿੱਖਾਂ ਦੀ ਜ਼ੁਬਾਨ ਬਣ ਕੇ ਰਹਿ ਗਈ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜੋ ਕੁਝ ਝੱਲਣਾ ਪਿਆ, ਉਸ ਦੀ ਵਜ਼ਾਹਤ ਦੇਣ ਦੀ ਲੋੜ ਨਹੀਂ। ਅਜੇ ਤਕ ਪੰਜਾਬੀ ਨੂੰ ਬਣਦੀ ਜਗ੍ਹਾ ਨਹੀਂ ਮਿਲੀ। ਉਪਰੰਤ ਆਨੰਦਪੁਰ ਸਾਹਿਬ ਮਤਾ ਉਲੀਕਿਆ ਗਿਆ ਜੋ ਫੈਡਰਲ ਢਾਂਚੇ ਦਾ ਹੀ ਮੁਦਈ ਸੀ। ਇਨ੍ਹਾਂ ਦੋਹਾਂ ਹਾਲਾਤ ਤੋਂ ਇਹੀ ਪਤਾ ਲੱਗਦਾ ਹੈ ਕਿ ਕਿਸੇ ਵਕਤ ਵੱਖਵਾਦ ਦਾ ਕੋਈ ਵਿਚਾਰ ਨਹੀਂ ਸੀ ਲੇਕਿਨ ਪਤਾ ਨਹੀਂ ਕਿੱਥੋਂ ਅਤੇ ਕਿਵੇਂ ‘ਖਾਲਿਸਤਾਨ’ ਦਾ ਲਫਜ਼ ਮੂੰਹ ਵਿਚ ਪਾਇਆ ਗਿਆ। ਇਸ ਦਾ ਘਾੜਤ ਕੌਣ ਹੈ? ਇਸ ਪਿੱਠਭੂਮੀ ਜੋ ਨਿਰੋਲ ਸਿਆਸਤ ਹੈ, ਵਿਚ ਅਕਾਲੀ ਦਲ ਦਾ ਫਰਜ਼ ਬਣਦਾ ਹੈ ਕਿ ਸਿੱਖਾਂ ਦੇ ਸਿਆਸੀ ਅਤੇ ਆਰਥਿਕ ਹਾਲਾਤ ਨੂੰ ਸਾਹਮਣੇ ਰੱਖ ਕੇ ਆਪਣਾ ਸਟੈਂਡ, ਭਾਵ ਸਿੱਖਾਂ ਦਾ ਸਟੈਂਡ ਦੁਨੀਆਂ ਸਾਹਮਣੇ ਰੱਖੇ। ਸਿੱਖ ਅਤੇ ਸਿੱਖੀ ਦਾ ਜੋ ਪ੍ਰਭਾਵ ਹੈ, ਉਹ ਅਕਾਲੀ ਦਲ ਦੇ ਕਿਰਦਾਰ ਤੋਂ ਹੀ ਅਕਸ ਬਣਦਾ ਹੈ ਅਤੇ ਵਿਗੜਦਾ ਹੈ ਕਿਉਂਕਿ ਇਹੀ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਹੈ। ਅਕਾਲੀ ਦਲ ਦੀ ਚੁੱਪ ਘਾਤਕ ਸਾਬਤ ਹੋ ਰਹੀ ਹੈ ਅਤੇ ਇਸ ਸਿਆਸੀ ਮਾਮਲੇ ਵਿਚ ਐੱਸਜੀਪੀਸੀ ਜਾਂ ਇਸ ਦੇ ਪ੍ਰਧਾਨ ਨੂੰ ਰਾਏਜਨੀ ਕਰਨ ਦਾ ਕੋਈ ਅਧਿਕਾਰ ਨਹੀਂ। ਅਕਾਲੀ ਦਲ ਨੂੰ ਮੈਂ ਅਗਾਹ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸਿੱਖ ਮਸਲੇ ਸੁਲਝਾਉਣ ਤੋਂ ਪਿੱਛੇ ਹਟ ਗਏ ਹਨ ਤਾਂ ਇਹੀ ਮਸਲੇ ਆਰਐੱਸਐੱਸ, ਭਾਵ ਰਾਸ਼ਟਰੀ ਸਿੱਖ ਸੰਗਤ ਉਠਾ ਰਹੀ ਹੈ ਤੇ ਉਠਾਏਗੀ ਅਤੇ ਉਨ੍ਹਾਂ ਦੀ ਹੀ ਸਰਕਾਰੇ-ਦਰਬਾਰੇ ਸੁਣੀ ਜਾਵੇਗੀ ਜਿਸ ਦਾ ਲਾਭ ਸਿੱਧਾ ਆਰਐੱਸਐੱਸ ਨੂੰ ਹੋਵੇਗਾ।
1970-80 ਦੇ ਦਹਾਕੇ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਆਪਸੀ ਖਿੱਚੋਤਾਣ ਕਾਰਨ ਜੋ ਖਲਾਅ ਪੈਦਾ ਹੋਇਆ, ਉਸ ਨੂੰ ਸੰਤਾਂ ਨੇ ਭਰਿਆ। ਇਹ ਖਲਾਅ ਦਿੱਲੀ ਸਰਕਾਰ ਨੂੰ ਸੂਤ ਬੈਠਦਾ ਸੀ। ਉਨ੍ਹਾਂ ਨੇ ਸਾਧਾਂ-ਸੰਤਾਂ ਨੂੰ ਅੱਗੇ ਲਾ ਕੇ ਅਕਾਲੀ ਦਲ ਨੂੰ ਹਰ ਹੀਲੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨਤੀਜਾ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਨਿਕਲਿਆ।
ਇਸ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਵਿਚ ਕਈ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੇ ਕੇਂਦਰ ਵਿਚ ਆਪਣੀ ਭਾਈਵਾਲ ਪਾਰਟੀ ਨਾਲ ਮਿਲ ਕੇ ਸਿੱਖਾਂ ਦੇ ਇਸ ਗਹਿਰੇ ਜ਼ਖਮ ‘ਤੇ ਕਦੇ ਵੀ ਮੱਲਮ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਜਿਵੇਂ ਹੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਈ, ਇਨ੍ਹਾਂ ਅਕਾਲੀਆਂ ਦਾ ਸਿੱਖ ਪ੍ਰੇਮ ਉਛਾਲੇ ਮਾਰਨ ਲੱਗ ਪਿਆ। ਜਿਸ ਸਮੇਂ ਅਕਾਲੀ ਲੀਡਰ ਕੁਰਸੀ ਤੋਂ ਵਾਂਝੇ ਸਨ ਤਾਂ ‘ਟਾਡਾ’ ਵਰਗੇ ਕਾਲੇ ਕਾਨੂੰਨਾਂ ਦੀ ਕਿੰਨੀ ਨਿੰਦਾ ਤੇ ਮੁਖਾਲਫ਼ਤ ਕਰਦੇ ਸੀ, ਪਰ ਜਦ ਸਰਕਾਰ ਵਿਚ ਆਏ ਤਾਂ ‘ਟਾਡਾ’ ਤੋਂ ਵੀ ਭੈੜੇ ਤੇ ਖਤਰਨਾਕ ਕਾਨੂੰਨ ‘ਪੋਟਾ’ ਦੇ ਸਮਰਥਕ ਬਣ ਗਏ। ਜਿਨ੍ਹਾਂ ਨੌਜਵਾਨ ਸਿੱਖਾਂ ਨੂੰ ‘ਟਾਡਾ’ ਖਿਲਾਫ ਭੜਕਾਇਆ ਤੇ ਵਰਤਿਆ ਸੀ, ਉਨ੍ਹਾਂ ਸਭ ਦੀ ਤਕਲੀਫ ਨੂੰ ਛਿੱਕੇ ਟੰਗ ਕੇ ਧੋਖਾ ਕਰਦੇ ਹੋਏ ਬੀਜੇਪੀ ਨਾਲ ਜਾ ਰਲੇ। ਇਥੇ ਇਹ ਵੀ ਸਾਫ ਕਰ ਦੇਣਾ ਚਾਹੀਦਾ ਹੈ ਕਿ ਅਗਰ ਅਕਾਲੀ ਦਲ ਸਿੱਖਾਂ ਦੇ ਹਿੱਤਾਂ ਦੀ ਗੱਲ ਜਾਂ ਰਾਖੀ ਨਹੀਂ ਕਰ ਸਕਦਾ ਤਾਂ ਇਸ ਨੂੰ ‘ਅਕਾਲੀ ਦਲ’ ਨਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।
ਅੱਜ ਵੀ ਜੋ ਸਾਧ-ਸੰਤ ਸਿੱਖ ਸਿਆਸਤ ਵਿਚ ਲੀਡਰਸ਼ਿਪ ਦੀ ਕਮੀ ਦਾ ਖਲਾਅ ਭਰ ਰਹੇ ਹਨ, ਉਨ੍ਹਾਂ ਦਾ ਸਿੱਧਾ ਸਬੰਧ ਕੇਂਦਰ ਦੀ ਸਰਕਾਰ ਨਾਲ ਹੈ। ਉਹ ਪੰਜਾਬ ਦੇ ਮਸਲੇ ਲੈ ਕੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਬਾਈਪਾਸ ਕਰਕੇ ਸਿੱਧੇ ਕੇਂਦਰ ਕੋਲ ਪਹੁੰਚ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਵਿਚ ਇਹ ਕੋਈ ਵੱਡੀ ਗੱਲ ਨਹੀਂ ਕਿ ਸਿੱਖ ਪੰਥ ਵਿਚ ਫਿਰ ਕੋਈ 1984 ਵਰਗੀ ਅਣਹੋਣੀ ਵਰਤਣ ਦੇ ਹਾਲਾਤ ਬਣ ਜਾਣ।
ਅੱਜ ਬਚੀ-ਖੁਚੀ ਅਕਾਲੀ ਲੀਡਰਸ਼ਿਪ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਹੁਣ ਦਿੱਲੀ ਦਰਬਾਰ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਮੈਂਬਰ-ਸਿੱਖਾਂ ਦੀ ਗੱਲ ਮੰਨੀ ਜਾਵੇਗੀ ਅਤੇ ਸਿੱਖ ਪੰਥ ਵਿਚ ਹਰ ਚੰਗੇ ਕੰਮ ਦਾ ਸਿਹਰਾ ਇਸੇ ਰਾਸ਼ਟਰੀ ਸਿੱਖ ਸੰਗਤ ਨੂੰ ਮਿਲਣਾ ਹੈ। ਇਥੋਂ ਤਕ ਕਿ ਐੱਸਜੀਪੀਸੀ ਦੀ ਆਉਣ ਵਾਲੀ ਚੋਣ ਵੀ ਹੁਣ ਇਨ੍ਹਾਂ ਦੇ ਇਸ਼ਾਰੇ ‘ਤੇ ਹੀ ਹੋਵੇਗੀ। ਇਸ ਵੱਲ ਇਸ਼ਾਰਾ ਅਖਬਾਰਾਂ ਰਾਹੀਂ ਮਿਲ ਗਿਆ ਹੈ ਕਿ ਅਕਾਲ ਤਖ਼ਤ ‘ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਨੇ ਤਾਂ ਆਕਾਰ ਹੀ ਢਾਇਆ ਸੀ, ਬੀਜੀਪੀ ਵਾਲਿਆਂ ਵੱਲੋਂ ਤਾਂ ਸਿਧਾਂਤ ਢਹਿ ਜਾਣ ਦਾ ਖਤਰਾ ਬਣ ਗਿਆ ਹੈ।
ਇਕ ਵਾਰ ਫਿਰ ਰੈਫਰੈਂਡਮ 2020 ਜਾਂ ਖ਼ਾਲਿਸਤਾਨ ਵਰਗੇ ਮਸਲਿਆਂ ਨੂੰ ਮੁਖੌਟਾ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਅਰਾਜਕਤਾ ਵਿਚ ਕਈ ਸਿੱਖ ਆਗੂ ਆਰਐੱਸਐੱਸ ਦੀ ਗਹਿਰੀ ਚਾਲ ਤੋਂ ਬੇਖਬਰ ਆਪਣੇ ਹੀ ਪੈਰਾਂ ‘ਤੇ ਕੁਹਾੜਾ ਮਾਰਨ ਲਈ ਜਾਣੇ-ਅਣਜਾਣੇ ਵਿਚ ਇਸ ਦੇ ਚੁੰਗਲ ਵਿਚ ਫਸ ਰਹੇ ਹਨ। ਇਹ ਸਮਾਂ ਹੈ ਜਿਸ ਵਕਤ ਅਕਾਲੀ ਦਲ ਨੂੰ ਖ਼ਾਲਿਸਤਾਨ ‘ਤੇ ਆਪਣਾ ਸਟੈਂਡ ਸਾਫ ਕਰਕੇ ਸਿੱਖ ਜਗਤ ਦਾ ਭਰਮ ਦੂਰ ਕਰਨ ਚਾਹੀਦਾ ਹੈ। ਇਸ ਪਾਰਟੀ ਵੱਲੋਂ ਹੁਣ ਗੋਲ-ਮੋਲ ਗੱਲ ਕਰਨ ਦੀ ਬਜਾਏ ਸਾਫ ਲਫਜ਼ਾਂ ਵਿਚ ਸਿੱਖਾਂ ਨੂੰ ਖ਼ਾਲਿਸਤਾਨ ਦੇ ਦੁਬਾਰਾ ਛਿੜੇ ਮੁੱਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰਨੀ ਜ਼ਰੂਰੀ ਹੋ ਜਾਂਦੀ ਹੈ, ਨਹੀਂ ਤਾਂ ਬੀਜੇਪੀ ਅਤੇ ਆਰਐੱਸਐੱਸ ਸਿੱਖਾਂ ਵਿਚ ਮਿੱਠਾ ਜ਼ਹਿਰ ਵਰਤਾ ਕੇ ਜਿਸ ਪ੍ਰਕਾਰ ਦੀ ਹਾਲਤ ਪੈਦਾ ਕਰ ਰਹੀ ਹੈ, ਉਸ ਨਾਲ ਸਿੱਖ ਆਪਸ ਵਿਚ ਹੀ ਆਹਮੋ-ਸਾਹਮਣੇ ਆ ਜਾਣਗੇ। ਬੀਜੇਪੀ ਅਤੇ ਕਾਂਗਰਸ ਦੋਹਾਂ ਨੇ ਹੀ ਸਾਨੂੰ ਵਰਤਿਆ ਹੈ।
ਸੰਪਰਕ: 98140-95308