ਸੁਖਨੈਬ ਸਿੰਘ ਸਿੱਧੂ
ਜਦੋਂ ਸਕੂਲ ‘ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ ਜਾਂ ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ । ਉਦੋਂ ਸਾਡੇ ਜੋਨ ਕੋਠਾ ਗੁਰੂ ਜਾਂ ਭਗਤਾ ਭਾਈ ਹੁੰਦਾ ਸੀ ਦਿਆਲਪੁਰੇ ਮਿਰਜਾ ਰਾਹ ‘ਚ ਆਉਂਦਾ ਸੀ , ਊਂ ਵੀ ਸਾਡੇ ਪਿੰਡੋਂ ਘੋੜਾ ਮਾਅਰਕਾ ਬੱਸਾਂ ਨਥਾਣਾ – ਭਗਤਾ ਹੋ ਕੇ ਸਿੱਧੀਆਂ ਜਾਂਦੀਆਂ ਸੀ, ਕਿਰਾਇਆ ਵੀ 75 ਕੁ ਪੈਸੇ ਹੁੰਦਾ ਸੀ ।
ਸਾਰਿਆਂ ਤੋਂ ਵੱਡੀ ਭੂਆ ਗੇਲੋ ਇੱਥੇ ਵਿਆਹੀ ਸੀ । ਸਾਡੀ ਗੇਲੋ ਭੂਆ ਤੇ ਉਥੋਂ ਦੀ ਗੁਰਮੇਲ ਕੁਰ । ਭੂਆ ਕਾ ‘ਗੰਡਿਆਂ ਦਾ ਲਾਣਾ’ ਬਹੁਤ ਵੱਡਾ ਸੀ। ਤਿੰਨ -ਚਾਰ ਦਿਉਰ ਜੇਠ , ਉਹਨਾਂ ਦੇ ਨਾਲ ਨਾਲ ਲੱਗਦੇ ਘਰ । ਚਾਰ ਭੂਆ ਦੇ ਮੁੰਡੇ । ਇਹੀ ਹੀ ਭੂਆ ਮੇਰੀਆਂ ਦੋ ਹੋਰ ਸਕੀਆਂ ਭੂਆ ਦਾ ਰਿਸ਼ਤਾ ਗੁਆਂਢੀਆਂ ਦੇ ਲੈ ਗਈ ਸੀ । ਇਸ ਕਰਕੇ ਆਪਣੇ ਉੱਥੇ ਪੂਰੇ ਨਜ਼ਾਰੇ ਹੁੰਦੇ । ਕੋਈ ਰੋਕ ਟੋਕ ਨਹੀਂ ਹੁੰਦੀ ਸੀ ।
ਪਰ ਛੋਟੀ ਭੂਆ ਕਿ ਮੈਂ ਘੱਟ ਜਾਂਦਾ ਸੀ , ਜਦੋਂ ਜਾਂਦਾ ਉਹ ਕਹਿੰਦੀ ,’ ਰੋਟੀ ਖਾ ਕੇ ਮੈਸ ਨੂੰ ਟੋਬੇ ‘ਤੇ ਲੈਜਾ , ‘
ਆਪਾਂ ਉੱਥੋਂ ਕਿਨਾਰਾ ਕਰਦੇ , ਮੈਸਾਂ ਪਿਆਉਣੀਆਂ ਸੀ ਤਾਂ ਘਰ ਥੋੜੀਆਂ ਸੀ ।
ਇਸ ਕਰਕੇ ਗੋਲੋ ਭੂਆ ਕੇ ਘਰ ਹੀ ਡੇਰਾ ਹੁੰਦਾ , ਦੂਜਾ ਉਹਨਾ ਦਾ ਖੇਤ ਨੇੜੇ ਸੀ । ਗਰਮੀਆਂ ‘ਚ ਖੇਤ ਖਰਬੂਜੇ ਹੁੰਦੇ । ਉਹ ਮੰਗੂਫਲੀ ਵੀ ਬੀਜਦੇ । ਜਦੋਂ ਮੂੰਗਫਲੀ ਦਾ ਬੀ ਕੱਢਦੇ ਹੁੰਦੇ ਤਾਂ ਆਪਾਂ ਕੱਚੀ ਮੂੰਗਫਲੀ ਖਾਈ ਜਾਣੀ ਜਾਂ ਫਿਰ ਗੱਚਕ ਬਣਾਉਣ ਦੇ ਫਾਰਮੂਲੇ ਸਿੱਖੀ ਜਾਣੇ।
ਉੱਥੇ ਮੈਨੂੰ ਡਰ ਨਹੀਂ ਹੁੰਦਾ ਸੀ । ਭੂਆ ਦੇ ਮੁੰਡੇ ਵੱਡੇ ਸੀ , ਕਦੇ ਕਦੇ ਕੰਨ ਤਾਂ ਮੇਰੇ ਸੇਕ ਦਿੰਦੇ । ਪਰ ਫੁੱਫੜ ਤੋਂ ਬਹੁਤ ਡਰਦਾ ਹੁੰਦਾ ਸੀ । ਉਹ ਪਊਆ ਕੁ ਪੀ ਕੇ ਭਗਵੰਤ ਮਾਨ ਬਣ ਜਾਂਦਾ ਸੀ ।
ਭੂਆ ਕਿਆ ਨੇ ਜੱਦੀ ਘਰ ਵੇਚ ਕੇ ਇੱਕ ਹੋਰ ਘਰ ਲਿਆ , ਉੱਥੇ ਕੋਈ ਡਾਕਟਰ ਰਹਿੰਦਾ ਸੀ । ਪੱਕਾ ਘਰ । ਇੱਕ ਵਾਰੀ ਆਪਾਂ ਵੀ ਗਏ ਸੀ ਉੱਥੇ । ਉਹਨਾ ਦੇ ਇੱਕ ਕਮਰੇ ‘ਚ ਟਾਂਡ ‘ਤੇ ਸ਼ੀਸ਼ੇ ਨਾਲ ਬੁਰਸ ਪਿਆ ਕਾਲੇ ਰੰਗ ਦਾ । ਮੈਂ ਚੁੱਕਿਆ ਤੇ ਆਪਣੇ ਬੂਟਾਂ ਤੇ ਮਾਰ ਲਿਆ । ਬੂਟਾਂ ਤੋਂ ਮਿੱਟੀ ਤਾਂ ਲਹਿ ਗਈ । ਪਰ ਬੁਰਸ ਦੀ ਹਾਲਤ ਦਲ ਬਦਲੀ ਕਰਕੇ ਆਏ ਲੀਡਰ ਵਰਗੀ ਹੋਗੀ ।
ਫੁੱਫੜ ਕਹਿੰਦਾ , ‘ ਆਹ ਬੁਰਸ ਦਾ ਨਾਸ ਕੀਹਨੇ ਮਾਰਿਆ ‘
ਬੋਲਣਾ ਕੀਹਨੇ ਸੀ ।
ਫਿਰ ਭੂਆ ਮੈਨੂੰ ਕਹਿੰਦੀ , ‘ ਵੇ ਕੋਹੜੀਆਂ ਤੂੰ ਨਹੀਂ ਛੇੜਿਆ , ਤੇਰੇ ਫੁੱਫੜ ਦੇ ਬੁਰਸ ਨੂੰ ‘
ਮੈ ਕਿਹਾ , ‘ ਮੈਂ ਤਾਂ ਬੂਟਾਂ ‘ਤੇ ਮਾਰਿਆ ਸੀ ।’
ਫੁੱਫੜ ਕਹਿੰਦਾ , ‘ ਫੇਰੇ ਦੇਣੇ ਦਿਆਂ , ਇਹ ਦਾੜੀ ਵਾਲਾ ਬੁਰਸ ਸੀ , ਖੜਜਾ ਮੈਂ ਕਰਦਾ ਤੇਰੀ ਪਾਲਿਸ ।’
ਉਦੋਂ ਕੀ ਸਨਮਾਨ ਮਿਲਿਆ ਸੀ , ਇਹ ਤਾਂ ਨਹੀਂ ਯਾਦ ਪਰ ਆਪਣੇ ਕਾਰਨਾਮਿਆਂ ‘ਚ ਇਹ ਯਾਦ ਹਮੇਸ਼ਾ ਬਣੀ ਰਹੀ ।