ਜਿੰਮੇਵਾਰੀ : ਰੁਪਿੰਦਰ ਸੰਧੂ ਮੋਗਾ

1042

ਰੁਪਿੰਦਰ ਸੰਧੂ ਮੋਗਾ
ਦਰਵਾਜ਼ੇ ਦੀ ਘੰਟੀ ਵੱਜਦੀ ਹੈ।
“ਲੰਘ ਆਓ ਭੈਣ ਜੀ।ਦਰਵਾਜ਼ਾ ਖੁੱਲ੍ਹਾ ਏ ਆ”
“ਇਕ ਮਿੰਟ ਘਰ ਆਇਓ ਭੈਣ”
“ਸੁੱਖ ਆ?”
“ਦਸੋ ਤਾਂ ਸਹੀ।ਕੀ ਹੋਇਆ”
ਅੱਗੇ ਪਿੱਛੇ ਤੁਰਦੀਆਂ ਗਵਾਂਢੀ ਘਰ ਚਲੀਆਂ ਗਈਆਂ।ਅੱਜ ਸੁਮਨ ਰੀਤ ਨੂੰ ਬਹੁਤ ਵੱਡੀ ਗੱਲ ਦੱਸਣ ਜਾ ਰਹੀ ਸੀ।
“ਰੀਤ ਬੈਠ ਜਾ ਤੇ ਮੇਰੀ ਗੱਲ ਧਿਆਨ ਨਾਲ ਸੁਣ।”
“ਹਾਂ ਜੀ ਭੈਣ ਜੀ।ਕੀ ਹੋਇਆ”
“ਰੀਤ ਇਹ ਦੇਖ ਸੋਨੇ ਦੇ ਗਹਿਣੇ ਮੈਂ ਧੀ ਲਈ ਬਣਾਏ । ਤੇ ਨੂੰਹ ਲਈ। ਆਹ ਖੇਸ ਮੈਂ ਧੀ ਦੇ ਦਾਜ ਲਈ ਰੱਖੇ।ਆਹ ਕੰਬਲ ਕੁੜੀ ਵੇਲੇ ਨਉਗੇ ਲਾਉਣੇ। ਯਾਦ ਰੱਖੀਂ। ਜਦੋਂ ਟਾਈਮ ਆਇਆ ਮੇਰੇ ਬੱਚਿਆਂ ਨੂੰ ਦੱਸ ਦੇਵੀਂ।”
“ਸੁਮਨ ਭੈਣ ਮੈਂ ??? ਕਿਉਂ ???ਤੁਸੀਂ ਕਿੱਥੇ ਜਾ ਰਹੇ ਓ”।
ਰੀਤ ਹੈਰਾਨ ਹੋ ਕੇ ਸੁਮਨ ਨੂੰ ਪੁੱਛ ਰਹੀ ਸੀ।ਸੁਮਨ ਗੰਭੀਰ ਹੋ ਕੇ ਕੋਲ ਬੈਠ ਗਈ ਤੇ ਬੋਲੀ…
“ਰੀਤ ਮੈਨੂੰ ਕੈਂਸਰ ਆ।ਤੂੰ ਨਹੀਂ ਜਾਣਦੀ। ਇਸ ਲਈ ਤੈਨੂੰ ਦਸਿਆ ਸਭ ਕਿਉਂਕਿ ਤੂੰ ਗਵਾਂਢੀ ਆ।ਮੇਰੇ ਬਾਦ ਮੇਰੇ ਬੱਚਿਆਂ ਦੇ ਸਭ ਤੋਂ ਕਰੀਬ ਤੂੰ ਹੋਵੇਂਗੀ।”
ਰੀਤ ਦੇ ਕੰਨ ਜਿਵੇਂ ਪਿਘਲਿਆ ਲਾਵਾ ਪੈ ਗਿਆ ਹੋਵੇ।ਜ਼ੁਬਾਨ ਜਿਵੇਂ ਗਲ ਵਿਚ ਫੱਸ ਗਈ ਹੋਵੇ।
ਸਿਆਣੇ ਕਹਿੰਦੇ ਰਿਸ਼ਤੇਦਾਰ ਤਾਂ ਚੱਲ ਕੇ ਆਉਣਗੇ ਪਰ ਗਵਾਂਢੀ ਦੁੱਖ ਸੁੱਖ ਦੇ ਪਹਿਲੇ ਭਾਈਵਾਲ ਹੁੰਦੇ।
ਦਿਨ ਬੀਤੇ।ਮਹੀਨੇ ਬੀਤੇ।ਅੰਤ ਉਹ ਦਿਨ ਆ ਗਿਆ ਜਿਸ ਨੂੰ ਰੀਤ ਆਉਣ ਨਹੀਂ ਦੇਣਾ ਚਾਹੁੰਦੀ ਸੀ। ਸੁਮਨ ਭੈਣ ਹਰ ਭਾਵਨਾ ਤੋਂ ਦੂਰੀ ਵੱਟ ਚੁੱਕੀ ਸੀ।ਬੱਚੇ ਬਹੁਤ ਛੋਟੇ ਸੀ।ਬੇਟੀ 13-14 ਸਾਲ ਤੇ ਬੇਟਾ 18-19
ਮਾਂ ਤੋਂ ਬਾਅਦ ਪਰਿਵਾਰ ਕਿਵੇਂ ਵੀ ਜ਼ਿੰਦਗੀ ਦੀ ਗੱਡੀ ਧੱਕ ਰਿਹਾ ਸੀ।ਭਾਅ ਜੀ ਨੇ ਘਰ ਦੇ ਬਾਹਰ ਨੇਮਪਲੇਟ ਲਵਾਈ ।ਉਪਰ ਪਤਨੀ ਦਾ ਨਾਂ ਤੇ ਥੱਲੇ ਆਵਦਾ ਨਾਂ ਲਿਖਵਾਇਆ।ਇਹ ਇਕ ਤਰ੍ਹਾਂ ਨਾਲ ਆਪਣੀ ਪਤਨੀ ਨੂੰ ਪਿਆਰ ਭਰੀ ਸ਼ਰਧਾਂਜਲੀ ਸੀ।
 ਭਾਅ ਜੀ ਬੱਚਿਆਂ ਵੱਲ ਦੇਖ ਵਕਤ ਦੀ ਮਾਰ ਝੱਲ ਰਹੇ ਸੀ। ਜਦੋਂ ਸ਼ਾਮ ਨੂੰ ਉਦਾਸ ਹੋ ਜਾਂਦੇ ਤਾਂ ਕਪੜੇ ਦੀ ਟਾਕੀ ਫੜ੍ਹ ਨੇਮਪਲੇਟ ਸਾਫ ਕਰਦੇ ਰੋ ਪੈਂਦੇ ਸੀ।ਰੀਤ ਆਵਦੇ ਘਰੋਂ ਜਦੋਂ ਵੀ ਇਹ ਦੇਖਦੀ ਆਪ ਮੂਹਰੇ ਦਿਲ ਭਰ ਲੈਂਦੀ।
6 ਮਹੀਨੇ ਬੀਤੇ ਭਾਅ ਜੀ road accident ਵਿਚ ਬੱਚਿਆਂ ਦਾ ਸਾਥ ਛੱਡ ਗਏ। ਪਿੱਛੇ ਬਚੇ 2 ਬੱਚੇ ਤੇ ਇਕ ਬਜ਼ੁਰਗ ਦਾਦਾ। ਨਾ ਸਮਝ ਆਵੇ ਕਿਸੇ ਨੂੰ ਕਿ ਕੀ ਆਖ ਕੇ ਹੌਂਸਲਾ ਦੇਣ। ਬਸ ਵਕਤ ਟਪਾਈ ਵਾਲਾ ਮਹੌਲ ਹੋ ਗਿਆ। ਦਿਨ ਬੀਤੇ। ਮਹੀਨੇ ਬੀਤੇ। ਸਾਲ ਬੀਤੇ।
ਬੇਟੇ ਨੇ ਡਿਗਰੀ ਪੂਰੀ ਕਰ ਲਈ।
ਇਕ ਦਿਨ ਬਾਪੂ ਜੀ ਨੇ ਆ ਕੇ ਰੀਤ ਨੂੰ ਪੁੱਛਿਆ ,”ਬੇਟਾ ਇਕ ਸਲਾਹ ਕਰਨੀ ਆ”
“ਹਾਂ ਜੀ ਦਸੋ”
“ਬੇਟੇ ਲਈ ਰਿਸ਼ਤਾ ਆਇਆ ।ਕੁੜੀ Msc. Med ਆ ।ਕਿਵੇਂ ਕਰੀਏ”
“ਬਾਪੂ ਜੀ ਸੋਚਣਾ ਕੀ । ਜਰੂਰਤ ਵੀ ਆ ਤੇ ਕੁੜੀ ਵੀ ਪੜ੍ਹੀ ਲਿਖੀ ਮਿਲ ਰਹੀ।ਰਿਸ਼ਤਾ ਛੱਡਣਾ ਕਿਊ।ਚਲਾਓ ਤੁਸੀਂ ਗੱਲ।”
“ਮੈਂ ਕਾਹਲੀ ਤਾਂ ਨਹੀਂ ਕਰ ਰਿਹਾ?”
“ਨਾ ਬਾਪੂ ਜੀ! ਕਰੋ ਗੱਲ।ਕੁੜੀ ਵਾਲਿਆਂ ਨੂੰ ਕਹੋ ਮੁੰਡਾ ਵੇਖ ਜਾਣ ਪਹਿਲਾਂ।ਘਰ ਬੂਹਾ ਦਿਖਾਓ।ਫਿਰ ਅਗੇ ਗਲ ਕਰਦੇ।”
ਬਾਪੂ ਜੀ ਚੰਗਾ ਕਹਿ ਕੇ ਭਰੀਆਂ ਅੱਖਾਂ ਨਾਲ ਵਚੋਲਣ ਨੂੰ ਫੋਨ ਲਾ ਕੇ ਗੱਲ ਤੋਰ ਲੈਂਦੇ ਹਨ।ਦੇਖਦੇ ਦੇਖਦੇ ਰਿਸ਼ਤਾ ਤੈਅ ਹੋ ਗਿਆ।ਬਰਾਤ ਤੁਰਨ ਤੋਂ ਪਹਿਲਾਂ ਰੀਤ ਦੀ ਨਜ਼ਰ ਕੰਧ ਉੱਤੇ ਟੰਗੀਆਂ ਤਸਵੀਰਾਂ ਉੱਤੇ ਗਈ।ਇੰਜ ਲੱਗਾ ਜਿਵੇਂ ਤਸਵੀਰਾਂ ਮੁਸਕੁਰਾਉਂਦੇ ਕਹਿ ਰਹੀਆਂ ਹੋਣ ,”ਰੀਤਤ  ਤ ਤ ਤ ਤ ਤ “
ਹੰਜੂ ਜਜ਼ਬ ਕਰ ਰੀਤ ਬਰਾਤ ਨਾਲ ਤੁਰ ਪਈ।ਰਸਤਾ ਭਰ ਸੋਚਦੀ ਰਹੀ।ਆਹ ਦਿਨ ਭੈਣ ਆ ਹੀ ਗਿਆ ਬਸ ਤੇਰੇ ਕਰਮਾਂ ਚ ਨਹੀਂ ਸੀ ਦੇਖਣਾ।ਹਰ ਮਾਂ ਪੁੱਤ ਦੇ ਜਨਮ ਤੋਂ ਬਾਦ ਜਦ ਪਹਿਲੀ ਨਜ਼ਰ ਦੇਖਦੀ ਤਾਂ ਪੁੱਤ ਦੀਆਂ ਖੁਸ਼ੀਆਂ ਦੀ ਅਰਦਾਸ ਆਪਣੀ ਚੁੰਨੀ ਦੇ ਲੜ ਬੰਨ੍ਹ ਲੈਂਦੀ।ਜਿਵੇਂ ਜਿਵੇਂ ਪੁੱਤ ਵੱਡਾ ਹੁੰਦਾ ਹਰ ਮਾਂ ਸੇਹਰਾ ਵੇਖਣਾ ਲੋਚਣ ਲਗਦੀ।
ਗੱਡੀ ਦੀ ਬਰੇਕ ਨੇ ਰੀਤ ਨੂੰ ਸੋਚਾਂ ਵਿਚੋਂ ਖਿੱਚ ਕੇ ਵਰਤਮਾਨ ਵਿਚ ਵਾਪਿਸ ਲੈ ਆਉਂਦਾ।
ਬਰਾਤ ਕੁੜੀ ਵਾਲਿਆਂ ਦੇ ਦਰਾਂ ਉੱਤੇ ਸੀ।ਧੀ ਵਾਲੇ ਸਵਾਗਤੀ ਮੁਦਰਾ ਵਿਚ। ਆਨੰਦ ਕਾਰਜ ਗੁਰਸਿੱਖੀ ਸਿਧਾਂਤ ਨਾਲ ਬਿਲਕੁੱਲ ਸਾਦਾ ਅਤੇ ਗੁਰਦੁਆਰਾ ਸਾਹਿਬ ਵਿਚ ਹੋਇਆ। ਧੀ ਵਾਲਿਆਂ ਨੂੰ ਪੁੱਤ ਨੇ ਜ਼ੋਰ ਪਾ ਕੇ ਵਿਆਹ ਸਾਦੇ ਢੰਗ ਨਾਲ ਕਰਨ ਲਈ ਮਨਾ ਲਿਆ ਸੀ।ਬਿਨਾਂ ਲੈਣ ਦੇਣ ਤੋਂ।ਮਿਸਾਲ ਪੈਦਾ ਕਰ ਦਿੱਤੀ ਸੀ।ਜਦੋਂ ਮੁੰਡੇ ਕੁੜੀ ਨੂੰ ਕੁਰਸੀਆਂ ਉੱਤੇ ਬਿਠਾਇਆ ਗਿਆ।ਫੋਟੋਗ੍ਰਾਫਰ ਫੋਟੋਆਂ ਖਿੱਚ ਰਹੇ ਸੀ ਤਾਂ ਰੀਤ ਪਰਾਂਹ ਬੈਠੀ ਸੋਚ ਰਹੀ ਸੀ,” ਸੁਮਨ ਭੈਣ ਖੁਸ਼ ਏ ਨਾ ! ਮੇਰੀ ਜੋ ਜਿੰਮੇਵਾਰੀ ਤੁਸੀਂ ਲਾਈ ਸੀ।ਲੈ ਉਹ ਮੈਂ ਪੂਰੀ ਕਰ ਦਿੱਤੀ।”
“ਦੇ ਅਸੀਸ ਆਪਣੇ ਨੂੰਹ-ਪੁੱਤ ਨੂੰ। ਜ਼ਿੰਦਗੀ ਭਰ ਦੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਪਾ।”
ਮੁਬਾਰਕਾਂ ਮੁਬਾਰਕਾਂ ਮੁਬਾਰਕਾਂ

 

 

Real Estate