ਗਊ ਹੱਤਿਆ ਨੂੰ ਰਾਜਨੀਤੀ ਲਈ ਵਰਤਣਾ ਆਰ ਐਸ ਐਸ ਦੀ ਪੁਰਾਣੀ ਚਾਲ

1032

ਪੁਸਤਕ ‘‘ਨਹਿਰੂ: ਮਿਥਕ ਔਰ ਸੱਤਿਯ’’ ਤੋਂ ਹੋਇਆ ਖੁਲਾਸਾ
ਬਠਿੰਡਾ/ 4 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਰ ਐਸ ਐਸ ਦੀਆਂ ਨੀਤੀਆਂ ਲਾਗੂ ਕਰਦਿਆਂ ਗਊ ਰੱਖਿਆ ਦੇ ਨਾਂ ਹੇਠ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਕੇ ਭਾਜਪਾ ਮੁੜ ਸੱਤਾ ਹਾਸਲ ਕਰਨ ਲਈ ਯਤਨ ਕਰ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੇ ਰਾਜ ਦੌਰਾਨ ਗਊ ਹੱਤਿਆ ਬੰਦ ਕਰਵਾ ਕੇ ਗਊ ਰੱਖਿਆ ਕਰਨ ਦੇ ਨਾਂ ਹੇਠ ਅਨੇਕਾਂ ਮੁਸਲਮਾਨ ਅਤੇ ਦਲਿਤ ਲੋਕਾਂ ਦੀ ਕੁੱਟ ਮਾਰ ਹੀ ਨਹੀਂ ਕੀਤੀ ਗਈ ਬਲਕਿ ਕਤਲ ਵੀ ਕੀਤੇ ਗਏ ਹਨ। ਭਾਜਪਾ ਦੀਆਂ ਅਜਿਹੀਆਂ ਕਥਿਤ ਧੱਕੇਸ਼ਾਹੀਆਂ ਤੇ ਨੀਤੀਆਂ ਦਾ ਭਾਰਤ ਦੇ ਲੋਕਾਂ ਨੇ ਡਟਵਾਂ ਵਿਰੋਧ ਵੀ ਕੀਤਾ ਹੈ। ਆਰ ਐਸ ਐਸ ਦੀ ਗਊ ਰੱਖਿਆ ਦੇ ਨਾਂ ਹੇਠ ਰਾਜਨੀਤੀ ਕਰਨੀ ਕੋਈ ਨਵੀਂ ਪਾਲਿਸੀ ਨਹੀਂ ਹੈ, ਦਹਾਕਿਆਂ ਤੋਂ ਹੀ ਇਹ ਸੰਸਥਾ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦਾ ਯਤਨ ਕਰਦੀ ਹੈ। ਇਸ ਤੱਥ ਦਾ ਪ੍ਰਗਟਾਵਾ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਬਾਰੇ ਲਿਖੀ ਹਿੰਦੀ ਪੁਸਤਕ ‘‘ਨਹਿਰੂ: ਮਿਥਕ ਔਰ ਸੱਤਿਯ’’ ਤੋਂ ਵੀ ਸਪਸਟ ਹੁੰਦਾ ਹੈ। ਇਹ ਪੁਸਤਕ ਉਘੇ ਪੱਤਰਕਾਰ ਸ੍ਰੀ ਪੀਯੂਸ਼ ਬਬੇਲੇ ਦੁਆਰਾ ਲਿਖੀ ਗਈ ਹੈ, ਜਿਸਦੀ ਭੂਮਿਕਾ ਪੱਤਰਕਾਰੀ ਦੇ ਖੇਤਰ ਵਿੱਚ ਸੱਚ ਦਾ ਝੰਡਾ ਬੁਲੰਦ  ਕਰਨ ਵਾਲੇ ਸੀਨੀਅਰ ਪੱਤਰਕਾਰ ਰਵੀਸ ਕੁਮਾਰ ਨੇ ਲਿਖੀ ਹੈ।
ਇਸ ਪੁਸਤਕ ਵਿੱਚ ਦੇਸ਼ ਦੀ ਅਜ਼ਾਦੀ ਉਪਰੰਤ ਆਰ ਐਸ ਐਸ ਦੀ ਰਾਜਨੀਤੀ ਵਿੱਚ ਹੋਈ ਅਸਫਲਤਾ ਕਾਰਨ ਗਊ ਰੱਖਿਆ ਨੂੰ ਸਿਆਸਤ ਲਈ ਵਰਤਣ ਬਾਰੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਦੇ ਵੱਖ ਵੱਖ ਸਮੇਂ ਦਿੱਤੇ ਬਿਆਨਾਂ ਨੂੰ ਦਰਜ ਕੀਤਾ ਗਿਆ ਹੈ, ਜਿਸਤੋਂ ਇਹ ਸਪਸਟ ਕੀਤੇ ਜਾਣ ਤੇ ਜੋਰ ਦਿੱਤਾ ਗਿਆ ਹੈ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਸਮੁੱਚੇ ਭਾਰਤ ਵਿੱਚ ਇੱਕ ਤਰਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਜਾਂ ਪਾਬੰਦੀਆਂ ਲਾਉਣੀਆਂ ਜਾਇਜ਼ ਨਹੀਂ, ਬਲਕਿ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਦੇਸ਼ ਦੀ ਅਜ਼ਾਦੀ ਉਪਰੰਤ ਪਹਿਲੀ ਲੋਕ ਸਭਾ ਚੋਣ ਜਦ ਕਾਂਗਰਸ ਪਾਰਟੀ ਨੇ ਜਿੱਤ ਲਈ ਤਾਂ ਉਸ ਸਮੇਂ ਵੀ ਆਰ ਐਸ ਐਸ ਦੀਆਂ ਨੀਤੀਆਂ ਲਾਗੂ ਕਰਨ ਲਈ ਯਤਨਸ਼ੀਲ ਵਿਰੋਧੀ ਧਿਰ ਨੇ ਗਊ ਹੱਤਿਆ ਦਾ ਮੁੱਦਾ ਉਠਾਇਆ ਸੀ ਅਤੇ 26 ਅਕਤੂਬਰ 1952 ਨੂੰ ਗਊ ਹੱਤਿਆ ਵਿਰੁੱਧ ਅਭਿਆਨ ਸੁਰੂ ਕਰਦਿਆਂ ਕੇਂਦਰ ਸਰਕਾਰ ਤੋਂ ਗਊ ਹੱਤਿਆ ਤੇ ਪਾਬੰਦੀ ਲਾਉਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਸੀ ਤੇ ਲੋਕਾਂ ਤੋਂ ਦਸਤਖਤ ਕਰਵਾ ਕੇ ਰਾਸਟਰਪਤੀ ਭਾਰਤ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਸੀ।
ਦੇਸ਼ ਦੀ ਧਰਮ ਨਿਰਪੱਖਤਾ ਤੇ ਪਹਿਰਾ ਦਿੰਦਿਆਂ ਦੇਸ਼ ਦੇ ਸਮੇਂ ਦੇ ਪ੍ਰਧਾਨ ਮੰਤਰੀ ਪੰ: ਜਵਾਹਰ ਲਾਲ ਨਹਿਰੂ ਨੇ 31 ਅਕਤੂਬਰ 1952 ਨੂੰ ਨਾਗਪੁਰ ਵਿਖੇ ਹੋਈ ਇੱਕ ਵੱਡੀ ਜਨ ਸਭਾ ਵਿੱਚ ਭਾਸ਼ਣ ਕਰਦਿਆਂ ਕਿਹਾ ਸੀ, ‘‘ਆਰ ਐਸ ਐਸ ਦਾ ਗਊ ਹੱਤਿਆ ਵਿਰੁੱਧ ਅਭਿਆਨ ਇੱਕ ਸਿਆਸੀ ਚਾਲ ਹੈ, ਇਸਦਾ ਗਊ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਭਿਆਨ ਨਾਲ ਉਹ ਲੋਕ ਜੁੜੇ ਹੋਏ ਹਨ, ਜੋ ਲੋਕ ਸਭਾ ਵਿੱਚ ਕਾਮਯਾਬ ਨਹੀਂ ਹੋ ਸਕੇ।’’ ਉਹਨਾਂ ਕਿਹਾ ਸੀ, ‘‘ਮੈਂ ਇਹ ਮਾਮਲਾ ਰਾਜਾਂ ਤੇ ਛੱਡਣ ਨੂੰ ਤਰਜੀਹ ਦੇਵਾਂਗਾ, ਰਾਜ ਸਰਕਾਰਾਂ ਸਥਾਨਕ ਲੋੜਾਂ ਨੂੰ ਮੁੱਖ ਰੱਖ ਕੇ ਫੈਸਲਾ ਲੈ ਲੈਣ।’’
ਇਸ ਉਪਰੰਤ 29 ਨਵੰਬਰ 1952 ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਭੇਲਸਾ ਵਿਖੇ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰ: ਨਹਿਰੂ ਨੇ ਕਿਹਾ ਸੀ, ‘‘ਸਥਾਨਕ ਲੋਕਾਂ ਦੀ ਸਹਿਮਤੀ ਤੋਂ ਵਗੈਰ ਅਜਿਹੀ ਪਾਬੰਦੀ ਲਾਉਣੀ ਸਿਧਾਤਾਂ ਤੇ ਪੁਰਾਣੀਆਂ ਪਰੰਪਰਾਵਾਂ ਵਿਰੁੱਧ ਹੋਵੇਗੀ। ਰਾਜਾਂ ਨੂੰ ਗਊ ਹੱਤਿਆ ਤੇ ਪਾਬੰਦੀ ਲਾਉਣ ਦੀ ਅਜ਼ਾਦੀ ਹੈ, ਪਰ ਸਾਰੇ ਦੇਸ਼ ’ਚ ਇੱਕ ਤਰਾਂ ਦੀ ਨੀਤੀ ਬਣਾ ਦੇਣਾ ਬੇਤੁਕਾ ਹੋਵੇਗਾ।’’ ਉਸ ਸਮੇਂ ਜਦ ਵਿਰੋਧੀਆਂ ਨੇ ਪੰ: ਨਹਿਰੂ ਵਿਰੁੱਧ ਵੀ ਪ੍ਰਚਾਰ ਸੁਰੂ ਕਰ ਦਿੱਤਾ ਤਾਂ ਉਹਨਾਂ ਇਹ ਕਹਿੰਦਿਆਂ, ‘‘ਮੈਂ ਵੀ ਹਿੰਦੂ ਹਾਂ ਤੇ ਗਊ ਹੱਤਿਆ ਪਸੰਦ ਨਹੀਂ ਕਰਦਾ, ਪਰ ਇਸਦਾ ਇੱਕੋ ਇੱਕ ਰਸਤਾ ਹੈ ਲੋਕਾਂ ਦਾ ਸਹਿਯੋਗ, ਜੋ ਆਪਸੀ ਪ੍ਰੇਮ ਤੇ ਸਦਭਾਵਨਾ ਨਾਲ ਹੋ ਸਕਦਾ ਹੈ’’ ਦੇਸ ਦੀ ਧਰਮ ਨਿਰਪੱਖਤਾ ਤੇ ਡਟ ਕੇ ਪਹਿਰਾ ਦਿੱਤਾ।
ਪੁਸਤਕ ਵਿੱਚ ਦਰਜ ਵੇਰਵਿਆਂ ਅਨੁਸਾਰ ਜਿੱਥੇ ਪੰ: ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਧਰਮ ਨਿਰਪੱਖਤਾ ਨੂੰ ਮਜਬੂਤ ਕਰਦਿਆਂ ਉਸ ਨੂੰ ਆਂਚ ਨਹੀਂ ਆਉਣ ਦਿੱਤੀ ਸੀ, ਉਥੇ ਪੁਸਤਕ ਦੇ ਲੇਖਕ ਸ੍ਰੀ ਪੀਯੂਸ਼ ਬਬੇਲੇ ਨੇ ਵੀ ਇਮਾਨਦਾਰੀ, ਦ੍ਰਿੜਤਾ, ਦਲੇਰੀ ਦਾ ਸਬੂਤ ਦਿੱਤਾ ਹੈ ਅਤੇ ਅੱਜ ਇਹ ਪੁਸਤਕ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤੀ ਜਾ ਰਹੀ ਹੈ। ਇਹ ਵੀ ਸੱਚ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਪੁਸਤਕ ਦਾ ਵਿਰੋਧ ਹੋਵੇਗਾ ਅਤੇ ਲੇਖਕ ਨੂੰ ਵੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਸੱਚ ਦਾ ਸਾਥ ਦੇਣ ਲਈ ਬੁਧੀਜੀਵੀਆਂ, ਲੇਖਕਾਂ ਤੇ ਇਨਸਾਫਪਸੰਦ ਲੋਕਾਂ ਨੂੰ ਪੁਸਤਕ ਦੇ ਲੇਖਕ ਸ੍ਰੀ ਪੀਯੂਸ਼ ਬਬੇਲੇ ਦਾ ਸਾਥ ਦੇਣ ਲਈ ਤਿਆਰ ਰਹਿਣ ਦੀ ਲੋੜ ਹੈ।
————————————————-
‘‘ਮੈਂ ਵੀ ਹਿੰਦੂ ਹਾਂ ਤੇ ਗਊ ਹੱਤਿਆ ਪਸੰਦ ਨਹੀਂ ਕਰਦਾ, ਪਰ ਇਸਦਾ ਇੱਕੋ ਇੱਕ ਰਸਤਾ ਹੈ ਲੋਕਾਂ ਦਾ ਸਹਿਯੋਗ, ਜੋ ਆਪਸੀ ਪ੍ਰੇਮ ਤੇ ਸਦਭਾਵਨਾ ਨਾਲ ਹੋ ਸਕਦਾ ਹੈ’’-ਨਹਿਰੂ

Real Estate