ਖੂਬਸੂਰਤ ਰਚਨਾ – ਮੱਖੀਆਂ

 

 

 

ਹਰਮੀਤ ਬਰਾੜ

ਕੁਝ ਦਿਨ ਪਹਿਲਾਂ ਜੈਸੀ ਬਰਾੜ ਜੋ ਕਿ ਮੇਰੀ ਫੇਸਬੁੱਕ ਦੋਸਤ ਹੈ ਤੇ ਖੂਬਸੂਰਤ ਸ਼ਬਦਾਂ ਤੇ ਮੁਹਾਰਤ ਵੀ ਰੱਖਦੀ ਹੈ, ਨੇ ਮੈਨੂੰ ਕਿਤਾਬ ‘ਮੱਖੀਆਂ’ ਭੇਜੀ। ਕਿਤਾਬ ‘ਮਾਇਰਾ’ ਨਾਮ ਦੇ ਚਰਿੱਤਰ ਦੁਆਲੇ ਘੁੰਮਦੀ ਹੈ। ਮੁਹੱਬਤ, ਜਜ਼ਬਾਤ, ਰੋਹ, ਜਬਰ, ਥਿੜਕਦੇ ਰਿਸ਼ਤੇ ਤੇ ਔਰਤ ਦੇ ਸਮਾਜਿਕ ਰੁਤਬੇ ਨੂੰ ਦਰਸਾਉਂਦੀ ਹੈ। ਮਾਇਰਾ ਨਾਮ ਦੀ ਲੜਕੀ ਇੱਕ ਰੁੱਖੇ ਤੇ ਬੇਬਾਕ ਸੁਭਾਅ ਦੀ ਮਾਲਿਕ ਹੈ। ਲੇਖਕ ਜੋ ਕਿ ਇੱਕ ਚਿੱਤਰਕਾਰ ਹੈ, ਉਸ ਵੱਲ ਆਕਰਸ਼ਿਤ ਹੋਣੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ, ਉਹ ਉਸ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦਾ ਹੈ। ਮਾਇਰਾ ਦੇ ਫੇਸਬੁੱਕ ਸਟੇਟਸ ਦੀ ਉਡੀਕ ਵਿਚ ਰਹਿੰਦੇ ਚਿੱਤਰਕਾਰ ਇੱਕ ਸਾਂਝੇ ਦੋਸਤ ਤੋਂ ਪਤਾ ਲੱਗਦਾ ਹੈ ਕਿ ਮਾਇਰਾ ਦੇ ਰੁੱਖੇ ਸੁਭਾਅ ਦਾ ਕਾਰਨ ਉਸ ਨਾਲ ਹੋਇਆ ਬਲਾਤਕਾਰ ਹੈ। ਚਿੱਤਰਕਾਰ ਉਸ ਬਾਰੇ ਜਾਨਣ ਲਈ ਹੋਰ ਉਤਸੁਕ ਹੈ ਤੇ ਆਪਣੀ ਡਾਇਰੀ ਵਿੱਚ ਮਾਇਰਾ ਬਾਰੇ ਲਿਖਣ ਲੱਗਦਾ ਹੈ। ਮਾਇਰਾ ਆਪਣੇ ਇੱਕ ਸਟੇਟਸ ਵਿੱਚ ਲਿਖਦੀ ਹੈ ਕਿ ਸਰਹੱਦੀ ਇਲਾਕੇ ਵਿਚ ਲੱਗੀ ਜੰਗ ਕਾਰਨ ਨੇੜੇ ਤੇੜੇ ਦੇ ਪਿੰਡ ਪ੍ਰਭਾਵਿਤ ਹੋ ਰਹੇ ਸਨ। ਸ਼ਮੀਮਾ ਨਾਮ ਦੀ ਇੱਕ ਅੱਲੜ੍ਹ ਮੁਟਿਆਰ ਜੋ ਕਿ ਭਿਣਕਦੀਆਂ ਮੱਖੀਆਂ ਨੂੰ ਬੇਹੱਦ ਨਫਰਤ ਕਰਦੀ ਹੈ, ਹਮੇਸ਼ਾਂ ਆਪਣੀ ਮਸਤੀ ਵਿਚ ਰਹਿਣਾ ਪਸੰਦ ਕਰਦੀ ਹੈ। ਇੱਕ ਰਾਤ ਕੁਝ ਫੌਜੀ ਆ ਕੇ ਉਨ੍ਹਾਂ ਦੇ ਘਰ ਰੁਕਦੇ ਹਨ ਅਤੇ ਰਾਤ ਦੇ ਹਨੇਰੇ ਦਾ ਲਾਹਾ ਲੈਂਦਿਆਂ ਸ਼ਮੀਮਾਂ ਦਾ ਸਰੀਰ ਨੋਚ ਸੁੱਟਦੇ ਹਨ। ਬੰਦੂਕਾਂ ਦੇ ਬੱਟ ਮਾਰ ਕੇ ਉਸਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ ਤੇ ਅੰਤ ਦਮ ਤੋੜਦੀ ਸ਼ਮੀਮਾਂ ਬਿਨਾਂ ਕੱਪੜਿਆਂ ਤੋਂ ਉਨ੍ਹਾਂ ਮੱਖੀਆਂ ਦੁਆਰਾ ਹੀ ਢਕੀ ਜਾਂਦੀ ਹੈ ਜਿੰਨਾ ਨੂੰ ਉਹ ਬੇਹੱਦ ਨਫਰਤ ਕਰਦੀ ਸੀ। ਚਿੱਤਰਕਾਰ ਚਾਹੁੰਦਾ ਹੈ ਕਿ ਮਾਇਰਾ ਕਦੇ ਮੁਹੱਬਤ ਬਾਰੇ ਕੁਝ ਲਿਖੇ । ਅੰਤ ਮਾਇਰਾ ਆਪਣੀ ਚੁੱਪ ਤੋੜਦੀ ਹੈ ਤੇ ਇੱਕ ਦਿਨ ਲਿਖਦੀ ਹੈ ਕਿ ਉਸਦਾ ਇੱਕ ਦੋਸਤ ਜੋ ਉਸਨੂੰ ਬੇਪਨਾਹ ਮੁਹੱਬਤ ਕਰਦਾ ਹੈ ਪਰ ਉਹ ਨਹੀਂ ਕਰਦੀ ਕਿਉਂਕਿ ਮੁਹੱਬਤ ਦੇ ਮਾਇਨੇ ਉਸ ਲਈ ਖਤਮ ਹੋ ਚੁੱਕੇ ਹਨ। ਜੋ ਕਵਿਤਾਵਾਂ ਉਸਦਾ ਦੋਸਤ ਉਸਨੂੰ ਸਮਰਪਿਤ ਕਰਕੇ ਲਿਖਦਾ ਹੈ, ਉਸ ਲਈ ਓਹੀ ਪਿਆਰ ਦਾ ਮਤਲਬ ਹੈ। ਆਪਣੇ ਪਹਿਲੇ ਪਿਆਰ ਦੀ ਗੱਲ ਲਿਖਦਿਆਂ ਉਹ ਦੱਸਦੀ ਹੈ ਕਿ ਉਹ ਚਾਹ ਕੇ ਵੀ ਭੁੱਲ ਨਹੀਂ ਸਕਦੀ ਪਰ ਜਿੰਦਗੀ ਦੀ ਤਲਖੀ ਤੋਂ ਭੱਜਣ ਲਈ ਉਹ ਧਿਆਨ (ਮੈਡੀਟੇਸ਼ਨ) ਕਰਦੀ ਹੈ। ਉਹ ਇਸ ਸਭ ਤੋਂ ਭੱਜ ਜਾਣਾ ਚਾਹੁੰਦੀ ਹੈ। ਆਪਣੀ ਜਿੰਦਗੀ ਦੀ ਕਹਾਣੀ ਬਾਰੇ ਉਹ ਚਿੱਤਰਕਾਰ ਨੂੰ ਦੱਸਦੀ ਹੈ ਕਿ ਉਸਦਾ ਪਰਿਵਾਰ ਦੰਗਿਆਂ ਵਿਚ ਮਾਰ ਦਿੱਤਾ ਗਿਆ ਸੀ ਤੇ ਉਸ ਦੇ ਪਿਤਾ ਦੇ ਦੋਸਤ ਆਪਣੇ ਨਾਲ ਉਸਨੂੰ ਪੰਜਾਬ ਲੈ ਆਏ ਤੇ ਧੀ ਬਣਾ ਕੇ ਪਾਲਿਆ। ਉਹ ਉਸਨੂੰ ਤੇ ਉਸਦੀ ਪਤਨੀ ਨੂੰ ਹੀ ਮਾਤਾ ਪਿਤਾ ਆਖਦੀ ਤੇ ਉਨ੍ਹਾਂ ਦੇ ਪੁੱਤ ਨੂੰ ਆਪਣਾ ਭਰਾ ਮੰਨਦੀ। ਬਹੁਤ ਸਮਾਂ ਬੀਤਣ ਮਗਰੋਂ ਜਦੋਂ ਪਿਤਾ ਨੂੰ ਮਾਰ ਦਿੱਤਾ ਗਿਆ ਤੇ ਮਾਂ ਵੀ ਜਹਾਨੋਂ ਤੁਰ ਗਈ ਤਾਂ ਉਸ ਦੇ ਹੀ ਭਰਾ ਨੇ ਉਸਦਾ ਬਲਾਤਕਾਰ ਕੀਤਾ। ਇਹ ਸਭ ਤੋਂ ਦੁਖੀ ਹੁਣ ਉਹ ਯਤੀਮ ਬੱਚਿਆਂ ਨੂੰ ਪੜਾਉਂਦੀ ਹੈ। ਅੰਤ ਵਿਚ ਜਦੋਂ ਉਹ ਦਰਵਾਜ਼ਾ ਖੋਲਦੀ ਹੈ ਤਾਂ ਇੱਕ ਪਾਗਲ ਹੋਇਆ ਵਿਅਕਤੀ ਜਿਸਨੂੰ ਆਪਣੀ ਕੋਈ ਸੁਧ ਬੁਧ ਨਹੀਂ, ਚਿੱਤਰਕਾਰ ਨੂੰ ਦਿਖਾਉਂਦੀ ਹੈ ਤੇ ਦੱਸਦੀ ਹੈ ਕਿ ਇਹ ਹੀ ਉਸਦਾ ਦੋਸ਼ੀ ਹੈ ਤੇ ਅੱਜ ਵੀ ਮੈਂ ਇਸਦਾ ਖਿਆਲ ਰੱਖ ਰਹੀ ਹਾਂ। ਲੇਖਕ ਸੁਖਵੀਰ ਸਿੰਘ ‘ਸੂਹੇ ਅੱਖਰ’ ਨੇ ਇਹ ਕਿਤਾਬ ਬੇਹੱਦ ਜਜ਼ਬਾਤੀ ਹੋ ਕੇ ਲਿਖੀ ਲੱਗਦੀ ਹੈ ਤੇ ਪੜਦਿਆਂ ਹੀ ਦਿਲ ਨੂੰ ਟੁੰਭਦੀ ਹੈ। ਔਰਤ ਦਾ ਬੇਬਾਕ ਹੋਣਾ ਲੋਕਾਂ ਦੇ ਹਜਮ ਹੋਣਾ ਕਿੰਨਾ ਮੁਸ਼ਕਿਲ ਹੈ, ਬਾਰੇ ਲੇਖਕ ਨੇ ਬਾਕਮਾਲ ਉਦਾਹਰਣਾਂ ਦਿੱਤੀਆਂ ਹਨ। ਔਰਤ ਕਿੰਨੇ ਵਿਸ਼ਾਲ ਹਿਰਦੇ ਦੀ ਹੋ ਸਕਦੀ ਹੈ, ਲੇਖਕ ਵਲੋਂ ਮਾਇਰਾ ਦੇ ਚਰਿੱਤਰ ਨਾਲ ਪੂਰਾ ਇਨਸਾਫ ਕੀਤਾ ਗਿਆ ਹੈ। ਇਸ ਸਮਾਜ ਵਿਚ ਕਿੰਨੀਆਂ ਹੀ ਮਾਇਰਾ ਸਾਡੇ ਆਲੇ ਦੁਆਲੇ ਜਿੰਦਗੀ ਦਾ ਬੋਝ ਢੋਹ ਰਹੀਆਂ ਹਨ ਬਾਰੇ ਵੀ ਲਿਖਣ ਦੀ ਕੋਸ਼ਿਸ਼ ਬਾਕਮਾਲ ਹੈ। ਨਾਵਲ ਸ਼ੁਰੂ ਤੋਂ ਆਖਿਰ ਤੱਕ ਪਾਠਕ ਨੂੰ ਬੰਨ ਕੇ ਰੱਖਦਾ ਹੈ। ਮਾਇਰਾ ਦੇ ਪ੍ਰੇਮੀ ਵਲੋਂ ਲਿਖੀ ਕਵਿਤਾ, ਜੋ ਕਿ ਹਿਰਦਾ ਤਾਂ ਟੁੰਭਦੀ ਹੀ ਹੈ ਸਗੋਂ ਇੱਕ ਸੱਚੇ ਪਿਆਰ ਨੂੰ ਕਿਸ ਤਰ੍ਹਾਂ ਕਲਮ ਬੱਧ ਕਰਨਾ ਹੈ।। ਲੇਖਕ ਨੇ ਬਾਖੂਬੀ ਨਾਲ ਕਰ ਦਿਖਾਇਆ ਹੈ। ਅੰਤ ਵਿਚ ਇਹੀ ਲਿਖਾਂਗੀ ਕਿ ਪਾਠਕਾਂ ਦੀ ਕਚਿਹਰੀ ਵਿਚ ਕਿਤਾਬ ਦੇ ਰੂਪ ਵਿਚ ਸਮਾਜ ਨੂੰ ਮੂੰਹ ਚਿੜਾਉੰਦਿਆਂ ਸ਼ੀਸ਼ਾ ਦਿਖਾਉਣ ਦੀ ਜੋ ਕੋਸ਼ਿਸ਼ ਲੇਖਕ ਨੇ ਕੀਤੀ ਹੈ, ਮੇਰੇ ਵਲੋਂ ਸਿਜਦੇ ਦੇ ਕਾਬਿਲ ਹੈ!!!

Real Estate