ਕੇਰਲ ਸਰਕਾਰ ਨੂੰ ਭਗਵਾਨ ਅਯੱਪਾ ਦੀ ਕਰੋਪੀ ਦਾ ਸਾਹਮਣਾ ਕਰਨਾ ਪਵੇਗਾ- ਭਾਜਪਾ ਆਗੂ

875

42-44 ਸਾਲਾਂ ਦੋ ਔਰਤਾਂ ਨੇ ਕੇਰਲ ਦੇ ਸ਼ਬਰੀਮਾਲਾ ਮੰਦਰ ਵਿਚ ਮੱਥਾ ਟੇਕ ਕੇ ਵੱਡਾ ਵਿਵਾਦ ਪੈਦਾ ਕਰ ਕਰ ਦਿੱਤਾ। ਸੁਪਰੀਮ ਕੋਰਟ ਵੱਲੋਂ ਭਗਵਾਨ ਅਯੱਪਾ ਦੇ ਮੰਦਰ ਵਿਚ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਦੇ ਮੱਥਾ ਟੇਕਣ ਉੱਤੇ ਲੱਗੀ ਪਾਬੰਦੀ ਹਟਾਉਣ ਮਗਰੋਂ ਬੁੱਧਵਾਰ ਨੂੰ ਕ੍ਰਮਵਾਰ 44 ਅਤੇ 42 ਸਾਲ ਦੀਆਂ ਕਨਾਕਾਦੁਰਗਾ ਅਤੇ ਬਿੰਦੂ ਨੇ ਪੁਲੀਸ ਸੁਰੱਖਿਆ ਅਧੀਨ ਮੱਥਾ ਟੇਕਿਆ। ਇਸ ਖਬਰ ਦਾ ਪਤਾ ਲੱਗਣ ਮਗਰੋਂ ਕੇਰਲ ਵਿਚ ਭਾਜਪਾ ਤੇ ਸੱਜੇ ਪੱਖੀ ਹਿੰਦੂ ਕਾਰਕੁਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਕੀਤੇ ਗਏ। ਸਕੱਤਰੇਤ ਵਿਚ ਪੰਜ ਘੰਟਿਆਂ ਤੱਕ ਸੱਤਾਧਾਰੀ ਸੀਪੀਆਈ (ਐੱਮ) ਤੇ ਭਾਜਪਾ ਕਾਰਕੁਨਾਂ ਵਿਚਾਲੇ ਝੜਪਾਂ ਹੋਈਆਂ ਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਪੱਥਰ ਸੁੱਟੇ। ਪੁਲੀਸ ਨੂੰ ਸਥਿਤੀ ਕੰਟਰੋਲ ਹੇਠ ਲਿਆਉਣ ਲਈ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨੀ ਪਈ। ਮੱਲਪੁਰਮ ਵਿਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਪੁਤਲਾ ਸਾੜਿਆਂ ਗਿਆ ਤੇ ਸਕੱਤਰੇਤ ਕੰਪਲੈਕਸ ਵਿਚ ਮੁੱਖ ਮੰਤਰੀ ਦਫ਼ਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਦੇ ਮਹਿਲਾ ਮੋਰਚਾ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵਿਰੋਧੀ ਧਿਰ ਦੇ ਆਗੂ ਰਮੇਸ਼ ਚੇਨੀਥਾਲਾ ਨੇ ਕਿਹਾ ਕਿ ਮੰਦਰ ਵਿਚ ਔਰਤਾਂ ਦੇ ਦਾਖਲ ਹੋਣ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਪੀ ਐੱਸ ਸ੍ਰੀਧਰਨ ਪਿਲਾਈ ਨੇ ਕਿਹਾ ਕਿ ਕੇਰਲ ਸਰਕਾਰ ਨੂੰ ਭਗਵਾਨ ਅਯੱਪਾ ਦੀ ਕਰੋਪੀ ਦਾ ਸਾਹਮਣਾ ਕਰਨਾ ਪਵੇਗਾ।

Real Estate