ਬੀਕਾਨੇਰ ’ਚ ਕੈਂਸਰ ਪੀੜਤਾਂ ਦੇ ਦੁੱਖ ਵੰਡਾਉਦੇ ਪਿੰਡ ਕੌਰੇਆਣਾ ਦੇ ਨੌਜਵਾਨ

ਚਰਨਜੀਤ ਭੁੱਲਰ

ਜਦੋਂ ਅਪਾਹਜ ਗੁਰਜੰਟ ਸਿੰਘ ਦੀ ਰਿਸ਼ਟ ਪੁਸ਼ਟ ਸੋਚ ਨੇ ਉਡਾਣ ਭਰੀ ਤਾਂ ਬੀਕਾਨੇਰ ਦੇ ਮੀਲ ਪੱਥਰ ਵੀ ਛੋਟੇ ਪੈ ਗਏ। ਗ਼ਰੀਬ ਘਰਾਂ ਦੇ ਮੁੰਡਿਆਂ ਦਾ ਉੱਦਮ ਦੇਖੋ ਜਿਨ੍ਹਾਂ ਅਪਾਹਜ ਗੁਰਜੰਟ ਸਿੰਘ ਦੇ ਬੋਲ ਪੁਗਾ ਦਿੱਤੇ। ਬੀਕਾਨੇਰ ਨੂੰ ਬਠਿੰਡੇ ਤੋਂ ਚੱਲਦੀ ਕੈਂਸਰ ਟਰੇਨ ਨੂੰ ਕੋਈ ਨਹੀਂ ਭੁੱਲਿਆ ਪਰ ਪਿੰਡ ਕੌਰੇਆਣਾ ਤੋਂ ਜਿਹੜੇ ਟਰੱਕ ਤੇ ਕੈਂਟਰ ਰਾਸ਼ਨ ਲੈ ਕੇ ਚੱਲਦੇ ਹਨ, ਉਨ੍ਹਾਂ ਤੋਂ ਕੋਈ ਜਾਣੂ ਨਹੀਂ। ਤੜਫਦੇ ਮਰੀਜ਼ਾਂ ਦੀ ਚੀਸ ਇਨ੍ਹਾਂ ਮੁੰਡਿਆਂ ਨੂੰ ਹਲੂਣ ਗਈ। ਬੀਕਾਨੇਰ ਦੇ ਕੈਂਸਰ ਹਸਪਤਾਲ ‘ਚ ਮਰੀਜ਼ਾਂ ਦੀ ਸੇਵਾ ਨੂੰ ਇਹ ਮੁੰਡੇ ਵੱਡੀ ਦਾਤ ਮੰਨ ਰਹੇ ਹਨ। ਪੰਜਾਬ ਹਰਿਆਣਾ ਸੀਮਾ ‘ਤੇ ਪੈਂਦੇ ਇਸ ਪਿੰਡ ਦੇ ਕਰੀਬ 20 ਨੌਜਵਾਨ ਛੋਟੀ ਕਿਸਾਨੀ ਚੋਂ ਹਨ ਜਿਨ੍ਹਾਂ ਦੇ ਜਿਗਰੇ ਵੱਡੇ ਹਨ ਤੇ ਉੱਦਮ ਉਸ ਤੋਂ ਵੀ ਵੱਡਾ। ਪਿੰਡ ਕੌਰੇਆਣਾ ਦੇ ਇਨ੍ਹਾਂ ਮੁੰਡਿਆਂ ਲਈ ਨਵਾਂ ਵਰ੍ਹਾ 2019 ਵੱਡੀ ਤਸੱਲੀ ਵਾਲਾ ਹੈ ਕਿਉਂ ਜੋ ਇਨ੍ਹਾਂ ਦਾ ਬੀਕਾਨੇਰ ਦੇ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਚੱਲਦਾ ਲੰਗਰ ਹੁਣ ਕਦੇ ਨਹੀਂ ਰੁਕੇਗਾ। ਇਹ ਮੁੰਡੇ ਇਕੱਲੇ ਲੰਗਰ ਦੀ ਨਹੀਂ, ਖੂਨ ਦਾਨ ਦੀ ਸੇਵਾ ਵੀ ਕਰਦੇ ਹਨ।
ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਦੇ ਬਹੁਤੇ ਗ਼ਰੀਬ ਮਰੀਜ਼ਾਂ ਦਾ ਆਖ਼ਰੀ ਸਹਾਰਾ ਬੀਕਾਨੇਰ ਦਾ ਕੈਂਸਰ ਹਸਪਤਾਲ ਹੈ। ਪੰਜ ਵਰ੍ਹੇ ਪਹਿਲਾਂ ਕੌਰੇਆਣਾ ਦਾ ਅੰਗਹੀਣ ਨੌਜਵਾਨ ਗੁਰਜੰਟ ਸਿੰਘ ਕਿਸੇ ਮਰੀਜ਼ ਨਾਲ ਬੀਕਾਨੇਰ ਹਸਪਤਾਲ ਗਿਆ ਸੀ। ਇਸ ਦੌਰਾਨ ਉਸ ਨੇ ਜਦ ਉੱਥੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਦੀ ਰੋਟੀ-ਪਾਣੀ ਲਈ ਭਟਕਣਾ ਦੇਖੀ ਤਾਂ ਮਨ ਵਿਚ ‘ਸੇਵਾ’ ਕਰਨ ਦੀ ਠਾਣ ਲਈ। ਉਸ ਨੇ ਪਿੰਡ ਦੇ ਤੇ ਹੋਰ 20 ਨੌਜਵਾਨਾਂ ਨਾਲ ਸਹਿਯੋਗ ਕਰਕੇ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਬਣਾ ਲਈ ਤੇ ਪਿੰਡ ਦੀ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੂੰ ਅੱਗੇ ਲਾ ਲਾਇਆ। ਉਨ੍ਹਾਂ ਪਿੰਡ ਵਿਚੋਂ ਰਾਸ਼ਨ ਇਕੱਠਾ ਕਰਨਾ ਸ਼ੁਰੂ ਕੀਤਾ ਤੇ ਦੋ ਟਰੈਕਟਰ-ਟਰਾਲੀਆਂ ’ਤੇ ਰਾਸ਼ਨ ਲੱਦ ਕੇ ਪਿੰਡ ਕੌਰੇਆਣਾ ਤੋਂ ਕਰੀਬ 335 ਕਿਲੋਮੀਟਰ ਦੂਰ ਬੀਕਾਨੇਰ ਵੱਲ ਚੱਲ ਪਏ। ਕੈਂਸਰ ਹਸਪਤਾਲ ਸਾਹਮਣੇ ਸੜਕ ’ਤੇ ਲੰਗਰ ਲਾ ਦਿੱਤਾ। ਬੀਕਾਨੇਰ ਦੇ ਇੱਕ ਕਾਰੋਬਾਰੀ ਨੇ ਇਨ੍ਹਾਂ ਮੁੰਡਿਆਂ ਦੀ ਸੇਵਾ ਦੇਖ ਕੇ ਹਸਪਤਾਲ ਨੇੜਲੀ ਧਰਮਸ਼ਾਲਾ ਖੋਲ੍ਹ ਦਿੱਤੀ। ਸਿੱਟੇ ਵਜੋਂ ਪਹਿਲੇ ਵਰ੍ਹੇ 2014 ਵਿਚ ਲੰਗਰ 57 ਦਿਨ ਚੱਲਿਆ। ਇਸ ਤੋਂ ਬਾਅਦ ਦੂਜੇ ਵਰ੍ਹੇ 67 ਦਿਨ, ਤੀਜੇ ਵਰ੍ਹੇ 100 ਦਿਨ ਤੇ 2018 ਵਿਚ 125 ਦਿਨ ਲੰਗਰ ਲਾਇਆ ਗਿਆ। ਹੁਣ ਨਵੇਂ ਸਾਲ ਵਿਚ ਇਹ ਲੰਗਰ ਪੂਰਾ ਵਰ੍ਹਾ ਚੱਲਦਾ ਰਹੇਗਾ।
ਬੀਕਾਨੇਰ ਹਸਪਤਾਲ ਦੇ ਡਾਕਟਰ ਵੀ ਇਨ੍ਹਾਂ ਨੌਜਵਾਨਾਂ ਦੇ ਉੱਦਮ ਦੀ ਦਾਦ ਦਿੰਦੇ ਹਨ। ਹਰ ਵਰ੍ਹੇ ਨਵੰਬਰ ਮਹੀਨੇ ਤੋਂ ਲੰਗਰ ਸ਼ੁਰੂ ਹੁੰਦਾ ਹੈ। ਇਕ ਨਵੰਬਰ 2017 ਤੋਂ ਖ਼ੂਨ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ। ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 600 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਾ ਹੈ। ਸੁਸਾਇਟੀ ਦੇ ਨਾਲ ਪਿੰਡ ਵੱਡਾ ਸਹਿਯੋਗ ਕਰ ਰਿਹਾ ਹੈ। ਕੌਰੇਆਣਾ ਦੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਜਦੋਂ ਖੁਦ ਇਨ੍ਹਾਂ ਮੁੰਡਿਆਂ ਨਾਲ ਜੁੜ ਕੇ ਘਰੋ-ਘਰੀਂ ਜਾਣਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਆਸ-ਪਾਸ ਦੇ ਕਰੀਬ ਦੋ ਦਰਜਨ ਪਿੰਡ ਇਨ੍ਹਾਂ ਨਾਲ ਜੁੜ ਗਏ। ਪ੍ਰਧਾਨ ਤਾਰਾ ਸਿੰਘ ਨੇ ਦੱਸਿਆ ਕਿ ਬੀਕਾਨੇਰ ਦੇ ਸਥਾਨਕ ਲੋਕ ਵੀ ਹੁਣ ਲੰਗਰ ਲਈ ਦੁੱਧ ਅਤੇ ਗੈਸ ਸਿਲੰਡਰ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਹਰ ਕੋਈ ਬਣਦਾ-ਸਰਦਾ ਯੋਗਦਾਨ ਦੇ ਰਿਹਾ ਹੈ। ਪਿੰਡ ਦੀ ਬਜ਼ੁਰਗ ਸੁਰਜੀਤ ਕੌਰ, ਛੋਟੇ ਕੌਰ ਸਮੇਤ ਔਰਤਾਂ ਦਾ ਜਥਾ ਵੀ ਲੰਗਰ ਦੀ ਸੇਵਾ ਵਿਚ ਜਾਂਦਾ ਰਿਹਾ ਹੈ। ਦੋ ਵਰ੍ਹੇ ਪਹਿਲਾਂ ਇਨ੍ਹਾਂ ਮੁੰਡਿਆਂ ਨੇ ਰੋਟੀਆਂ ਪਕਾਉਣ ਵਾਲੀ ਮਸ਼ੀਨ ਵੀ ਲੈ ਲਈ ਸੀ। ਮਸ਼ੀਨ ਦਾ ਮੁੱਲ 3।50 ਲੱਖ ਰੁਪਏ ਸੀ ਤੇ 15 ਮੁੰਡਿਆਂ ਨੇ 25-25 ਹਜ਼ਾਰ ਦਾ ਕਰਜ਼ਾ ਚੁੱਕ ਕੇ ਮਸ਼ੀਨ ਖ਼ਰੀਦੀ। ਮਗਰੋਂ ਇਹ ਪੈਸਾ ਵਿਆਜ ਸਮੇਤ ਮੋੜਿਆ ਗਿਆ।
ਸੁਸਾਇਟੀ ਨਾਲ ਜੁੜੇ ਡਾ। ਗੁਰਦਾਸ ਸਿੰਘ ਨੇ ਦੱਸਿਆ ਕਿ ਕੈਂਸਰ ਹਸਪਤਾਲ ਦੇ ਮਰੀਜ਼ਾਂ ਨੂੰ ‘ਟਿਫ਼ਿਨ’ ਵਿਚ ਲੰਗਰ ਭੇਜਿਆ ਜਾਂਦਾ ਹੈ। ਡਾਕਟਰਾਂ ਮੁਤਾਬਕ ਮਰੀਜ਼ਾਂ ਲਈ ਬਕਾਇਦਾ ਖਿੱਚੜੀ ਵਗ਼ੈਰਾ ਵੀ ਤਿਆਰ ਕੀਤੀ ਜਾਂਦੀ ਹੈ। ਥਰਮੋਸ ਵਿਚ ਪਾ ਕੇ ਮਰੀਜ਼ਾਂ ਲਈ ਚਾਹ ਭੇਜੀ ਜਾਂਦੀ ਹੈ। ਨੌਜਵਾਨ ਬੂਟਾ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਦੋ ਵੇਲੇ ਕਰੀਬ 1000 ਵਿਅਕਤੀ ਲੰਗਰ ਛਕਦੇ ਹਨ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਲਈ ਤਾਂ ਬੀਕਾਨੇਰ ਹੀ ‘ਮੱਕਾ’ ਹੈ, ਜਿਸ ਦੀ ਸੇਵਾ ਉਨ੍ਹਾਂ ਦੇ ਹਿੱਸੇ ਆਈ ਹੈ। ਕੌਰੇਆਣਾ ਤੋਂ ਬਾਅਦ ਪਿੰਡ ਸੀਂਗੋ, ਨੰਗਲਾ, ਨਥੇਹਾ, ਲਹਿਰੀ, ਗੋਲੇਵਾਲਾ, ਫੱਤਾਬਾਲੂ, ਰਾਈਆ, ਕਲਾਲਵਾਲਾ, ਮਿਰਜੇਆਣਾ ਤੇ ਭੂੰਦੜ ਆਦਿ ਤੋਂ ਇਲਾਵਾ ਅੰਤਰਰਾਜੀ ਸੀਮਾ ’ਤੇ ਪੈਂਦੇ ਹਰਿਆਣਾ ਦੇ ਪਿੰਡ ਪੱਕਾ ਸ਼ਹੀਦਾਂ ਅਤੇ ਕਮਾਲ ਆਦਿ ਵੀ ਇਸ ਸੇਵਾ ਨਾਲ ਜੁੜ ਗਏ ਹਨ। ਇਹ ਨੌਜਵਾਨ ਆਖਦੇ ਹਨ ਕਿ ਭਾਵੇਂ ਮਰੀਜ਼ਾਂ ਦੀ ਹੋਣੀ ਕੁਦਰਤ ਦੇ ਹੱਥ ਹੈ, ਪਰ ਉਨ੍ਹਾਂ ਦੇ ਨਿਮਾਣੇ ਜਿਹੇ ਹੰਭਲੇ ਨਾਲ ਮਰੀਜ਼ਾਂ ਦੀ ਪੀੜ ਜ਼ਰੂਰ ਘਟਦੀ ਹੈ।

Real Estate