ਪੰਚਾਇਤੀ ਵੋਟਾਂ ਦੀ ਗਿਣਤੀ ਦੌਰਾਨ ਬੈਲਟ ਪੇਪਰ ਚੱਕ ਕੇ ਭੱਜਣ ਦੇ ਦੋਸ਼ਾਂ ਤਹਿਤ ਮਹਿਲਾਂ ਉਮੀਦਵਾਰ ਭੇਜੀਆਂ ਜੇਲ੍ਹ

718

ਮਾਨਸਾ ਜਿਲ੍ਹੇ ਦੇ ਪਿੰਡ ਜਟਾਣਾ ਖੁਰਦ ਵਿਚ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਵੱਲੋਂ ਬੈਲੇਟ ਪੇਪਰ ਲੈ ਕੇ ਭੱਜਣ ਦੇ ਮਾਮਲੇ ਵਿਚ ਥਾਣਾ ਝੁਨੀਰ ਦੀ ਪੁਲੀਸ ਨੇ 2 ਮਹਿਲਾ ਉਮੀਦਵਾਰਾਂ ਸਮੇਤ ਉਨ੍ਹਾਂ ਦੇ ਦੋ ਪੋਲਿੰਗ ਏਜੰਟਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਸਰਪੰਚੀ ਦੀਆਂ ਦੋ ਉਮੀਦਵਾਰਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਭੇਜ ਦਿੱਤਾ ਹੈ। ਜਿਲ੍ਹੇ ਦੇ ਪੁਲੀਸ ਮੁਖੀ ਅਨੁਸਾਰ ਇਹ ਘਟਨਾ ਦੇਰ ਸ਼ਾਮ ਵੋਟਾਂ ਦੀ ਗਿਣਤੀ ਵੇਲੇ ਉਸ ਵੇਲੇ ਵਾਪਰੀ, ਜਦੋਂ ਚੋਣਾਂ ਦਾ ਨਤੀਜਾ ਆ ਗਿਆ ਤੇ ਇਸ ਨਤੀਜੇ ਨੂੰ ਵੇਖਦਿਆਂ ਦੋ ਪੋਲਿੰਗ ਏਜੰਟ, ਚੋਣ ਸਟਾਫ਼ ਵੱਲੋਂ ਗਿਣ ਕੇ ਰੱਖੀਆਂ 50 ਵੋਟਾਂ ਦੀ ਗੁੱਟੀ ਲੈ ਕੇ ਪੁਲੀਸ ਜਵਾਨਾਂ ਨੂੰ ਧੱਕਾ ਮਾਰਦੇ ਹੋਏ ਬਾਹਰ ਦੌੜ ਗਏ। ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ ਤੇ ਪ੍ਰੀਜ਼ਾਈਡਿੰਗ ਅਫ਼ਸਰ ਦੇ ਦਿੱਤੇ ਬਿਆਨਾਂ ਮੁਤਾਬਿਕ ਝੁਨੀਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਅਫ਼ਸਰ ਦੇ ਬਿਆਨਾਂ ਅਨੁਸਾਰ ਜਦੋਂ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਖੁਰਦ, ਬੂਥ ਨੰਬਰ 30 ਵਿਚ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਸੀ ਤੇ ਨਤੀਜੇ ਉੱਤੇ ਦਸਤਖ਼ਤ ਕਰਵਾਉਣੇ ਬਾਕੀ ਸਨ, ਇਸ ਦੌਰਾਨ ਜੱਗਾ ਸਿੰਘ ਪੁੱਤਰ ਸੁਖਦੇਵ ਸਿੰਘ, ਜੋ ਉਮੀਦਵਾਰ ਚਰਨਜੀਤ ਕੌਰ ਪਤਨੀ ਜੱਗਾ ਸਿੰਘ ਦਾ ਪੋਲਿੰਗ ਏਜੰਟ ਸੀ ਅਤੇ ਉਸ ਦੇ ਨਾਲ ਰਮਨਦੀਪ ਸਿੰਘ ਪੁੱਤਰ ਬੋਗਾ ਸਿੰਘ, ਜੋ ਕਿ ਉਮੀਦਵਾਰ ਬਲਜੀਤ ਕੌਰ ਪਤਨੀ ਹਮੀਰ ਸਿੰਘ ਦਾ ਪੋਲਿੰਗ ਏਜੰਟ ਸੀ, ਦੋਵੇਂ ਮਿਲ ਕੇ ਪੁਲੀਸ ਮੁਲਾਜ਼ਮਾਂ ਨੂੰ ਧੱਕੇ ਦੇ ਕੇ ਜਬਰਦਸਤੀ 50 ਵੋਟਰ ਪਰਚੀਆਂ ਦਾ ਬੰਡਲ ਲੈ ਕੇ ਬੂਥ ਤੋਂ ਭੱਜ ਗਏ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਚਰਨਜੀਤ ਕੌਰ ਅਤੇ ਬਲਜੀਤ ਕੌਰ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।

Real Estate