ਜੇਲ੍ਹ ਵਿੱਚ ਚੜ੍ਹਿਆ ਸੱਜਣ ਕੁਮਾਰ ਦਾ ਨਵਾਂ ਸਾਲ

853

ਸਿੱਖ ਕਤਲੇਆਮ ਦੇ ਕੇਸ ’ਚ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਮੰਡੋਲੀ ਜੇਲ੍ਹ ਦੇ ਮੁੱਖ ਗੇਟ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸੂਤਰਾਂ ਮੁਤਾਬਕ ਉਸ ਨੂੰ 14 ਨੰਬਰ ਜੇਲ੍ਹ ’ਚ ਰੱਖਿਆ ਜਾਵੇਗਾ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ।
ਸੱਜਣ ਕੁਮਾਰ ਨੇ ਮੈਟਰੋਪਾਲਿਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਆਤਮ ਸਮਰਪਣ ਕੀਤਾ। ਇਸ ਮਗਰੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਉੱਤਰ-ਪੱਛਮੀ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਭੇਜ ਦਿੱਤਾ। ਸੱਜਣ ਵੱਲੋਂ ਦੇਸ਼ ਦੀ ਸੁਰੱਖਿਅਤ ਜੇਲ੍ਹ ਤਿਹਾੜ ਵਿੱਚ ਭੇਜੇ ਜਾਣ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਸ ਨੂੰ ਵੱਖ ਵੈਨ ਵਿੱਚ ਭੇਜਣ ਦੀ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਗਈ।

Real Estate