ਰਾਜ ਬਰਾੜ ਦੀਆਂ ਯਾਦਾਂ ਨੂੰ ਸਮਰਪਿਤ ਪੁਸਤਕ ‘ਸੰਦਲੀ ਪੈੜਾਂ’ ਲੋਕ ਅਰਪਣ

1478

ਐੱਸ। ਏ। ਐੱਸ। ਨਗਰ(ਮੋਹਾਲੀ), -ਉਘੇ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਮਰਹੂਮ ਰਾਜ ਬਰਾੜ ਦੀਆਂ ਮਿੱਠੀਆਂ ਯਾਦਾਂ ਅਤੇ ਉਨ੍ਹਾਂ ਵਲੋਂ ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉੱਘੇ ਲੇਖਕ ਸੇਖੋਂ ਜੰਡਵਾਲਾ ਵਲੋਂ ਲਿਖੀ ਪੁਸਤਕ ‘ਸੰਦਲੀ ਪੈੜਾਂ’ ਰਾਜ ਬਰਾੜ ਦੀ ਪਤਨੀ ਬਲਵਿੰਦਰ ਕੌਰ ਬਰਾੜ ਅਤੇ ਉਨ੍ਹਾਂ ਦੀ ਪੁੱਤਰੀ ਸਵਤਾਜ ਬਰਾੜ ਵਲੋਂ ਅੱਜ ਇੱਥੇ ਲੋਕ ਅਰਪਣ ਕੀਤੀ ਗਈ । ਇਸ ਮੌਕੇ ਬਰਾੜ ਅੰਦਰ ਛੁਪੀ ਪ੍ਰਤਿਭਾ ਨੂੰ ਤਰਾਸ਼ਣ ਵਾਲੇ ਬਰਜਿੰਦਰਾ ਕਾਲਜ ਫਰੀਦਕੋਟ ਵਾਲੇ ਪੋ੍ਰਫੈਸਰ ਡਾ: ਜਲੌਰ ਸਿੰਘ ਖੀਵਾ ਵੀ ਹਾਜ਼ਰ ਸਨ । ਇਸ ਮੌਕੇ ਬੋਲਦਿਆਂ ਸੇਖੋਂ ਜੰਡਵਾਲਾ ਨੇ ਕਿਹਾ ਕਿ ਰਾਜ ਬਰਾੜ ਇਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧਵੱਟੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਜਿੱਥੇ ਪੰਜਾਬੀ ਸੱਭਿਆਚਾਰ ਦਾ ਇਕ ਮਹਾਨ ਹੀਰਾ ਖੁਸ ਗਿਆ, ਉੱਥੇ ਇਕ ਮਿੱਤਰਾਂ ਦੇ ਮਿੱਤਰ ਤੋਂ ਸੱਖਣਾ ਹੋ ਗਏ ਹਾਂ । ਉਨ੍ਹਾਂ ਵਲੋਂ ਬਰਾੜ ਦੇ ਦੇਸ਼ ਵਿਦੇਸ਼ ਤੋਂ ਮਿੱਤਰਾਂ ਪਾਸੋਂ ਉਨ੍ਹਾਂ ਦੀਆਂ ਯਾਦਾਂ ਇਕੱਠੀਆਂ ਕਰਕੇ ਇਕ ਲੜੀ ਵਿਚ ਪਰੋਣ ਦਾ ਯਤਨ ਕੀਤਾ ਗਿਆ ਹੈ । ਇਸ ਮੌਕੇ ਪ੍ਰੋ: ਜਲੌਰ ਸਿੰਘ ਖੀਵਾ ਨੇ ਕਿਹਾ ਕਿ ਜਦੋਂ ਬਰਾੜ ਉਨ੍ਹਾਂ ਪਾਸ ਕਾਲਜ ਵਿਚ ਆਇਆ ਤਾਂ ਉਹ ਬਹੁਤ ਸ਼ਰਮਾਕਲ ਅਤੇ ਪੇਂਡੂ ਸੱਭਿਆਚਾਰ ਦੀ ਝਲਕ ਦਾ ਇਜ਼ਹਾਰ ਕਰਦਾ ਸੀ । ਉਨ੍ਹਾਂ ਆਪਣੇ ਸੁਭਾਅ ਮੁਤਾਬਿਕ ਉਸ ਅੰਦਰ ਛਿਪੀ ਪ੍ਰਤਿਭਾ ਨੂੰ ਵੇਖਿਆ ਤੇ ਉਸ ਨੂੰ ਤਰਾਸ਼ਣ ਦਾ ਬੀੜਾ ਚੁੱਕਿਆ । ਉਨ੍ਹਾਂ ਕਿਹਾ ਕਿ ਰਾਜ ਬਰਾੜ ਦਾ ਕਲਾਕਾਰ ਮਨ ਗਾਇਕੀ ਜਾਂ ਗੀਤਕਾਰੀ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਜਵਾਨੀ ਜਿੰਦਾਬਾਦ ਵਰਗੀਆਂ ਪੰਜਾਬੀ ਫਿਲਮਾਂ ਵਿਚ ਵੀ ਜਵਾਨੀ ਦੀਆਂ ਸਿਖਰਾਂ ਛੋਂਹਦਾ ਪ੍ਰਤੀਤ ਹੁੰਦਾ ਹੈ । ਇਸ ਮੌਕੇ ਕੁਲਦੀਪ ਮਲਕੇ, ਗੁਰਪ੍ਰੀਤ ਕੁਲਾਰ, ਅਮਰਜੀਤ ਬੈਨੀਪਾਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ । ਕਿਤਾਬ ਸੰਬੰਧੀ ਹੋਰ ਜਾਣਕਾਰੀ ਲਈ ਇਸਦੇ ਲੇਖਕ ਸੇਖੋ ਜੰਡ ਵਾਲਾ ਨਾਲ +91 98727 05711 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Real Estate