ਨਿਊਜ਼ੀਲੈਂਡ `ਚਕੰਮ ਤੋਂ ਵਾਪਿਸ ਪਰਤਦੇ ਸੜਕ ਹਾਦਸੇ `ਚ ਪੰਜਾਬੀ ਨੌਜਵਾਨ ਦੀ ਮੌਤ -ਮਾਪਿਆਂ ਦਾ ਸੀ ਇਕੱਲਾ ਪੁੱਤਰ

ਆਕਲੈਂਡ 22 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਅੱਜ ਤੜਕੇ ਇਕ ਦੁੱਖਭਰੀ ਖਬਰ ਆਈ ਕਿ ਜਦ ਇਥੋਂ ਲਗਪਗ  190 ਕਿਲੋਮੀਟਰ ਦੂਰ ਟੀ ਪੂਨਾ (ਟੌਰੰਗਾ) ਵਿਖੇ ਇਕ 22 ਸਾਲਾ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਦਿਓਲ ਸਪੁੱਤਰ ਸ੍ਰੀ ਮੰਦੀਪ ਸਿੰਘ ਦਿਓਲ ਪਿੰਡ ਹਰੀਪੁਰ (ਜਲੰਧਰ) ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮੌਤ ਨੇ ਉਸਨੂੰ ਦਬੋਚ ਲਿਆ। ਇਹ ਨੌਜਵਾਨ ਅਤੇ ਇਕ ਹੋਰ ਇਸਦਾ 34 ਸਾਲਾ ਸਾਥੀ ਕੰਮ ਤੋਂ ਵਾਪਿਸ ਪਰਤ ਰਹੇ ਸਨ ਕਿ ਤੜਕੇ 4।30 ਵਜੇ ਇਨ੍ਹਾਂ ਦੀ ਕਾਰ ਸੜਕ ਦੇ ਨਾਲ-ਨਾਲ ਚਲਦੇ ਇਕ ਖਾਲੇ ਵਿਚ ਜਾ ਵੜੀ ਤੇ ਕਾਰ ਪਲਟ ਗਈ। ਐਮਰਜੈਂਸੀ ਲਈ ਪਹੁੰਚੀ ਐਂਬੂਲੈਂਸ ਸਟਾਫ ਨੇ ਉਸਨੂੰ ਕਾਰ ਦੇ ਹੇਠਾਂ ਤੋਂ ਕੱਢਿਆ। ਇਸ ਮੌਕੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਸੀ। ਉਸਦਾ ਸਾਥੀ ਬਚ ਗਿਆ ਹੈ ਪਰ ਗੰਭੀਰ ਫੱਟੜ ਹੈ ਅਤੇ ਹਸਪਤਾਲ ਦਾਖਲ ਹੈ। ਪਤਾ ਲੱਗਾ ਹੈ ਕਿ ਇਸ ਦੇ ਸਾਥੀ ਨੇ ਹੀ ਲਾਗੇ ਕਿਤੇ ਗੁਆਂਢੀ ਨੂੰ ਉਠਾ ਕੇ ਇਸ ਬਾਰੇ ਪੁਲਿਸ ਅਤੇ ਐਂਬੂਲੈਂਸ ਨੂੰ ਜਾਣਕਾਰੀ ਦਿੱਤੀ।
ਮਾਪਿਆਂ ਦਾ ਇਹ ਇਕੱਲਾ ਪੁੱਤਰ ਸੀ ਅਤੇ 2015 ਦੇ ਵਿਚ ਇਥੇ ਪੜ੍ਹਨ ਆਇਆ ਸੀ। ਪੜ੍ਹਾਈ ਉਪਰੰਤ ਹੁਣ ਉਹ ‘ਦਾ ਫੋਨਿਕਸ’ ਰੈਸਟੋਰੈਂਟ ਵਿਖੇ ਸ਼ੈਫ ਵਜੋਂ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਉਹ ਦੋ ਕੁ ਹਫਤੇ ਪਹਿਲਾਂ (10 ਦਸੰਬਰ) ਹੀ ਆਪਣੇ ਪਿੰਡ ਜਾ ਕੇ ਮੁੜਿਆ ਸੀ। ਉਸਦੀ ਫੇਸ ਬੁੱਕ ਉਤੇ ਉਸਦੇ ਦੋਸਤਾਂ ਨੇ ਲਿਖਿਆ ਹੈ ਕਿ ਤੂੰ ਮਿਲ ਕੇ ਨਹੀਂ ਗਿਆ ਅਤੇ ਇਸਨੇ ਜਵਾਬ ਦਿੱਤਾ ਹੈ ਕਿ ਸਮਾਂ ਬਹੁਤ ਘੱਟ ਸੀ, ਪਰ ਕਿਸੇ ਨੂੰ ਕੀ ਪਤਾ ਇਸਦੇ ਕੋਲ ਜ਼ਿੰਦਗੀ ਦਾ ਹੀ ਸਮਾਂ ਬਹੁਤ ਘੱਟ ਸੀ ਅਤੇ ਮੌਤ ਉਸਨੂੰ ਇਥੇ ਬੁਲਾ ਰਹੀ ਸੀ। ਆਪਣੇ ਮਾਪਿਆਂ ਨਾਲ ਇਹ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਜਾ ਆਇਆ ਸੀ ਅਤੇ ਫੋਟੋਆਂ ਸ਼ੇਅਰ ਕੀਤੀਆਂ ਸਨ। ਇਹ ਫੁੱਟਬਾਲ ਦਾ ਵੀ ਚੰਗਾ ਖਿਡਾਰੀ ਸੀ।
ਇਸਦੀ ਇਕ ਛੋਟੀ ਭੈਣ ਹੈ। ਮਾਤਾ-ਪਿਤਾ ਤੋਂ ਇਲਾਵਾ ਇਸਦੇ ਦਾਦਾ-ਦਾਦੀ ਵੀ ਗਹਿਰੇ ਸਦਮੇ ਵਿਚ ਹਨ। ਪਰਿਵਾਰ ਖੇਤੀਬਾੜੀ ਕਰਦਾ ਹੈ। ਇਸਦੇ ਇਥੇ ਰਹਿੰਦੇ ਕੁਝ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਪ੍ਰਬੰਧ ਕਰ ਰਹੇ ਹਨ। ਪਤਾ ਲੱਗਾ ਹੈ ਕਿ ਇਸਦੇ ਪਿਤਾ ਜੀ ਨਿਊਜ਼ੀਲੈਂਡ ਵੀ ਘੁੰਮ ਗਏ ਹਨ।

Real Estate