ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅਸਥਾਈ ਵੀਜ਼ਾ ਅਰਜ਼ੀਆਂ ਲਈ ਇੰਗਲਿਸ਼ ਤਰਜ਼ਮੇ ਵਾਲੇ ਕਾਗਜ਼ਾਤਾਂ ਦੀ ਹੀ ਮੰਗ

ਔਕਲੈਂਡ 5 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਾਰੇ ਉਨ੍ਹਾਂ ਅਰਜ਼ੀਦਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਜਿਹੜੇ ਅਸਥਾਈ ਤੌਰ ‘ਤੇ ਇਥੇ ਆਉਣ ਲਈ ਆਪਣੀਆਂ ਵੀਜ਼ਾ ਅਰਜੀਆਂ ਦਾਖਲ ਕਰਦੇ ਹਨ ਉਹ ਇਨ੍ਹਾਂ ਅਰਜ਼ੀਆਂ ਦੇ ਨਾਲ ਸਬੰਧਿਤ ਸਾਰੇ ਕਾਗਜ਼ਾਤ ਇੰਗਲਿਸ਼ ਤਰਜ਼ਮਾ ਕਰਵਾ ਕੇ ਹੀ ਭੇਜਣ ਤਾਂ ਕਿ ਵੀਜ਼ਾ ਕਾਰਵਾਈ ਦੇ ਵਿਚ ਦੇਰੀ ਨਾ ਹੋ ਸਕੇ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਇਹ ਕਾਰਜ ਨਹੀਂ ਕਰਦੀ। ਇਹ ਕਾਗਜ਼ਾਤ  ਹਰ ਕੋਈ ਅਨੁਵਾਦ ਨਹੀਂ ਕਰ ਸਕਦਾ ਇਸ ਵਾਸਤੇ ਵੀ ਕੁਝ ਨਿਯਮ ਰੱਖੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ਜਿਨ੍ਹਾਂ ਲੋਕਾਂ ਦੀ ਟ੍ਰਾਂਸਲੇਸ਼ਨ ਨੂੰ ਮੰਜੂਰ ਕਰਦਾ  ਹੈ ਉਹ ਹਨ ‘ਦਾ ਟ੍ਰਾਂਸਲੇਸ਼ਨ ਸਰਵਿਸ ਆਫ ਦਾ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ ਨਿਊਜ਼ੀਲੈਂਡ’ ਜਾਂ ਕਮਿਊਨਿਟੀ ਦੇ ਵਿਚ ਉਹ ਸਨਮਾਨਯੋਗ ਜਾਂ ਜ਼ਿੰਮੇਵਾਰ ਲੋਕ ਜਿਨ੍ਹਾਂ ਨੂੰ ਸਹੀ ਤਰਜ਼ਮਾ ਕਰਨ ਲਈ ਜਾਣਿਆ ਜਾਂਦਾ ਹੋਵੇ। ਇਸ ਤੋਂ ਇਲਾਵਾ ਉਸ ਦੇਸ਼ ਦੇ ਹਾਈ ਕਮਿਸ਼ਨ ਦਫਤਰ ਵੱਲੋਂ ਅਜਿਹੇ ਅਨੁਵਾਦਿਤ ਕਾਗਜ਼ਾਤ ਤਸਦੀਕ ਕੀਤੇ ਹੋਣ ਅਤੇ ਮੋਹਰ ਲੱਗੀ ਹੋਵੇ ਜਾਂ ਫਿਰ ਪ੍ਰਾਈਵੇਟ ਅਤੇ ਆਫੀਸ਼ੀਅਲ ਟ੍ਰਾਂਸਲੇਸ਼ਨ ਬਿਜ਼ਨਸ ਕਰਦੇ ਅਦਾਰੇ ਹੋਣ। ਅਰਜ਼ੀਦਾਤਾ ਦਾ ਕੋਈ ਪਰਿਵਾਰਕ ਮੈਂਬਰ ਜਾਂ ਇਮੀਗ੍ਰੇਸ਼ਨ ਸਲਾਹਕਾਰ ਅਜਿਹੀ ਟ੍ਰਾਂਸਲੇਸ਼ਨ ਨਹੀਂ ਕਰ ਸਕਦਾ। ਸਾਰੇ ਪੁਲਿਸ ਅਤੇ ਮੈਡੀਕਲ ਸਰਟੀਫਿਕੇਟ ਸਿਰਫ ਤੇ ਸਿਰਫ ਇੰਗਲਿਸ਼ ਵਿਚ ਹੀ ਮੰਜੂਰ ਕੀਤੇ ਜਾਣਗੇ। ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਜਰੂਰੀ ਸ਼ਰਤ ਹੀ ਬਣਾ ਲਿਆ ਜਾਵੇਗਾ ਕਿ ਕੋਈ ਵੀ ਕਾਗਜ਼ਾਤ ਇੰਗਲਿਸ਼ ਦੇ ਤਰਜ਼ਮੇ ਤੋਂ ਬਿਨਾਂ ਦਾਖਲ ਨਹੀਂ ਕੀਤਾ ਜਾ ਸਕੇਗਾ। ਸੋ ਆਪਣੀਆਂ ਵੀਜ਼ਾ ਅਰਜੀਆਂ ਲਗਾਉਣ ਵੇਲੇ ਸਹਾਇਕ ਕਾਗਜ਼ਾਤਾਂ ਨੂੰ ਇੰਗਲਿਸ਼ ਦੇ ਅਨੁਵਾਦ ਨਾਲ ਹੀ ਜਮ੍ਹਾ ਕਰਵਾਇਆ ਜਾਵੇ ਤਾਂ ਕਿ ਵੀਜ਼ਾ ਲੱਗਣ ਵਿਚ ਘੱਟ ਸਮਾਂ ਲੱਗ ਸਕੇ।

Real Estate