ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਅਨੁਸਾਰ 19 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਸੇ ਵੀ ਦਿਨ ਮੰਤਰੀ ਮੰਡਲ 'ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਹੁਣ ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ਦੀਆਂ ਧੜਕਨਾਂ ਵਧ ਰਹੀਆਂ ਹਨ ਕਿਉਂ ਕਿ ਮੰਤਰੀ ਮੰਡਲ ਵਾਧੇ 'ਚ ਸਿਰਫ 9 ਵਿਧਾਇਕਾਂ ਨੂੰ ਹੀ ਸਥਾਨ ਮਿਲਣਾ ਹੈ।

ਅਮਰੀਕਾ ‘ਚ ਦੱਖਣੀ ਕੈਰੋਲਿਨਾ ਵਿਚ ਅਤਿ ਸੁਰੱਖਿਆ ਵਾਲੀ ਜੇਲ੍ਹ ਅੰਦਰ ਕੈਦੀਆਂ ਦੀ ਲੜਾਈ ਦੌਰਾਨ 7 ਕੈਦੀਆਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖ਼ਮੀ ਹੋ ਗਏ। ਐਤਵਾਰ ਰਾਤ ਸਾਢੇ ਸੱਤ ਵਜੇ ਕੈਦੀਆਂ ਦੇ ਵਿਚ ਲੜਾਈ ਹੋਈ । ਜੇਲ੍ਹ ਦੀਆਂ ਤਿੰਨ ਵੱਖ-ਵੱਖ ਇਮਾਰਤਾਂ ਵਿਚ ਕੈਦੀਆਂ ਦੇ ਵਿਚ ਝੜਪ ਹੋਈ।

ਭਾਰਤ ਵਿੱਚ ਛੋਟੀਆਂ ਬੱਚੀਆਂ ਨਾਲ ਹੋਏ ਜਬਰ-ਜਿਨਾਹ ਦੇ ਮਾਮਲਿਆ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਨੂੰ ਮੰਦਭਾਗਾ ਦੱਸ ਕੇ ਭਾਰਤੀ ਰਾਜਨੀਤੀ ਦੇ ਸਿਸਟਮ ਨੂੰ ਕੋਸ ਰਿਹਾ ਹੈ ਤੇ ਵਿਦੇਸ਼ਾਂ ਵਿੱਚੋਂ ਵੀ ਇਸ ਵਿਰੁੱਧ ਅਵਾਜ ਉੱਠ ਰਹੀ ਹੈ ।ਇਸੇ ਦੌਰਾਨ ਸੋਸ਼ਲ ਮੀਡੀਆ ਤੇ ਕੱਲ੍ਹ ਰਾਤੀਂ ਕੁਝ ਤਸਵੀਰਾਂ ਵਾਇਰਲ ਹੋਈਆਂ ਹ ਜੋ ਤੁਰਕੀ ਦੇ ਇਸਤਾਂਬੁਲ ਏਅਰਪੋਰਟ ਦੀਆਂ ਕਹੀਆਂ ਜਾ ਰਹੀਆਂ ਹਨ। ਜਿਨ੍ਹਾਂ ਵਿੱਚ 3 ਵਿਅਕਤੀ ਚਿੱਟੇ ਰੰਗ ਦੀਆਂ ਟੀ-ਸ਼ਰਟਾਂ ਪਾਈ ਵਿਖਾਈ ਦੇ ਰਹੇ ਹਨ ਜਿੰਨ੍ਹਾਂ ਉੱਪਰ ਲਿਖਿਆ ਹੈ “ਆਪਣੀਆਂ ਔਰਤਾਂ ਨੂੰ ਭਾਰਤ ਭੇਜਣ ਤੋਂ ਬਚੋ” । ਇਹਨਾਂ ਤਸਵੀਰਾਂ ਦੇ ਸਹੀ ਹੋਣ ਦੀ ਜਾਂ ਫੋਟੋਸ਼ਾਪ ਹੋਣ ਦੀ ਪੁਸ਼ਟੀ ਨਹੀ ਹੋਈ ਹੈ। ਕੁਝ ਲੋਕ ਇਸ ਨੂੰ ਫੋਟੋਸ਼ਾਪ ਰਾਹੀ ਕੀਤੀ ਸ਼ਰਾਰਤ ਕਹਿ ਰਹੇ ਹਨ ਤੇ ਕੁਝ ਇਸ ਨੂੰ ਬਿਨਾਂ ਕੋਈ ਸੱਚਾਈ ਜਾਣੇ ਸੇ਼ਅਰ ਵੀ ਕਰ ਰਹੇ ਹਨ।

ਵਿਸ਼ੇਸ਼ ਦਹਿਸ਼ਤਗਰਦੀ-ਰੋਕੂ ਅਦਾਲਤ ਦੇ ਜੱਜ ਕੇ ਰਵਿੰਦਰ ਰੈਡੀ ਨੇ ਮੱਕਾ ਮਸਜਿਦ ਬੰਬ ਕਾਂਡ ਕੇਸ ’ਚੋਂ ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮਾਂ ਨੂੰ ਅੱਜ ਬਰੀ ਤਾਂ ਕਰ ਦਿੱਤਾ ਪਰ ਬਾਅਦ ਵਿੱਚ ਖ਼ੁਦ ਵੀ ਨਾਟਕੀ ਢੰਗ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ‘ਨਿਜੀ ਕਾਰਨਾਂ’ ਦੇ ਹਵਾਲੇ ਨਾਲ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਹੈਦਰਾਬਾਦ ਤੋਂ ਐਮਪੀ ਤੇ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਆਪਣੀ ਟਵੀਟ ਰਾਹੀਂ ਇਸ ਪੂਰੇ ਮਾਮਲੇ ਵਿੱਚ ‘ਸਾਜ਼ਿਸ਼’ ਦਾ ਸ਼ੱਕ ਜ਼ਾਹਰ ਕੀਤਾ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮਤਭੇਦਾਂ ਦੀਆਂ ਰਿਪੋਰਟਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰਦਿਆਂ ਇਸ ਮੀਡੀਆ ਦੀ ਉਪਜ ਦੱਸਿਆ ਹੈ। ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਨਵਜੋਤ ਸਿੱਧੂ ਕੇਸ ਨਾਲ ਅਕਾਲੀਆਂ ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਉਨ੍ਹਾਂ ਨੂੰ ਇਸ ਤੋਂ ਪਾਸੇ ਰਹਿਣਾ ਚਾਹੀਦਾ ਹੈ। ਨਵੀਆਂ ਐਬੂਲੈਂਸਾਂ ਦੇ ਸਮੂਹ ਨੂੰ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸੰਸਦ ਮੈਂਬਰ ਅੰਬਿਕਾ ਸੋਨੀ ਵਲੋਂ 'ਸੰਸਦ ਮੈਂਬਰ ਸਥਾਨਕ ਏਰੀਆ ਵਿਕਾਸ ਸਕੀਮ' ਤਹਿਤ ਫ਼ੰਡਾਂ ਵਿਚੋਂ ਇਹ ਐਬੂਲੈਂਸਾਂ ਖ਼ਰੀਦਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਕੀ ਸੰਸਦ ਮੈਂਬਰਾਂ ਨੂੰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜਾਖੜ ਉਨ੍ਹਾਂ ਨੂੰ ਇਸ ਕਰ ਕੇ ਮਿਲੇ ਬਿਨਾਂ ਚਲੇ ਗਏ ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਥਾਂ ਜਾਣਾ ਸੀ।

ਅਮਰੀਕਾ ਦੇ ਇੰਡੀਆਨਾ 'ਚ ਸਥਿਤ ਇਕ ਗੁਰਦੁਆਰਾ ਸਾਹਿਬ 'ਚ ਅਹੁਦੇਦਾਰੀਆਂ ਨੂੰ ਲੈ ਕੇ ਕੁੱਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਇਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ। ਇੰਡੀਆਨਾ ਪੋਲਿਸ ਦੇ ਦੱਖਣ 'ਚ ਇਕ ਗੁਰਦੁਆਰਾ ਸਾਹਿਬ 'ਚ ਲਗਭਗ 150 ਲੋਕਾਂ ਵਿਚਕਾਰ ਝਗੜਾ ਹੋ ਗਿਆ।ਪੁਲਸ ਅਨੁਸਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ 'ਚ ਬਦਲਾਅ ਦੇ ਕਾਰਨ ਝਗੜਾ ਸ਼ੁਰੂ ਹੋਇਆ। ਗੁਰਦੁਆਰੇ ਦੇ ਪ੍ਰਬੰਧਨ 'ਚ ਹਰ ਦੋ ਸਾਲਾਂ ਬਾਅਦ ਬਦਲਾਅ ਹੁੰਦਾ ਹੈ।ਝਗੜੇ ਵਿੱਚ 4 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜਿੱਥੇ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ।

ਕਠੂਆ ਗੈਂਗਰੇਪ ਤੇ ਹੱਤਿਆ ਮਾਮਲੇ ਵਿੱਚ ਜੰਮੂ ਦੀ ਸੈਸ਼ਨਜ਼ ਕੋਰਟ ਵਿੱਚ ਅੱਜ ਸੁਣਵਾਈ ਹੋਈ।ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 28 ਅਪਰੈਲ ‘ਤੇ ਪਾ ਦਿੱਤੀ ਹੈ। ਇਮ ਮਾਮਲੇ ਵਿੱਚ ਅੱਠ ਮੁਲਜ਼ਮ ਹਨ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ।ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਚਾਰਜਸ਼ੀਟ ਦੀ ਕਾਪੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇੱਕ ਦੋਸ਼ੀ ਦਾ ਕਹਿਣਾ ਹੈ ਕਿ ਸਾਡਾ ਨਾਰਕੋ ਟੈਸਟ ਕਰਵਾਇਆ ਜਾਵੇ,ਟੈਸਟ ਤੋਂ ਬਾਅਦ ਸਭ ਕੁੱਝ ਸਾਫ਼ ਹੋ ਜਾਵੇਗਾ। ਇਸੇ ਦੌਰਾਨ ਇਸ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਵੀ ਅੱਜ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਮ੍ਰਿਤਕ ਬੱਚੀ ਦੇ ਪਿਤਾ ਦੀ ਦਲੀਲ 'ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਪੀੜਤ ਪਰਿਵਾਰ ਅਤੇ ਵਕੀਲਾਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿਚ ਇਕ ਹੋਰ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਸਾਹਮਣੇ ਆਇਆ ਹੈ। ਖ਼ਬਰਾਂ ਅਨੁਸਾਰ ਰਸਾਨਾ ਪਿੰਡ ਦੇ ਮੂਲ ਨਿਵਾਸੀ ਹਿੰਦੂਆਂ ਨੇ ਪਿੰਡ ਵਿਚ ਬੱਚੀ ਦੇ ਦਫ਼ਨਾਉਣ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇੱਥੇ ਮੁਸਲਿਮ ਬਕਰਵਾਲ ਸਮਾਜ ਦੀ ਜ਼ਮੀਨ ਕਦੇ ਨਹੀਂ ਰਹੀ। ਆਸਿਫ਼ਾ ਦੀ ਲਾਸ਼ ਪਿੰਡ ਤੋਂ 10 ਕਿੱਲੋਮੀਟਰ ਦੂਰ ਦਫ਼ਨਾਈ ਗਈ। ਇੱਥੇ ਉਸ ਦੇ ਰਿਸ਼ਤੇਦਾਰਾਂ ਦੀਆਂ ਕੁੱਝ ਹੋਰ ਲਾਸ਼ਾਂ ਵੀ ਪਹਿਲਾਂ ਦਫ਼ਨਾਈਆਂ ਹੋਈਆਂ ਹਨ।

ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ ਨੇ ਕੀਤੀ ਮੌਤ ਦੀ ਸਜ਼ਾ ਦੀ ਪੈਰਵੀ
ਕਠੂਆ ਵਿਚ 8 ਸਾਲ ਦੀ ਬੱਚੀ ਅਤੇ ਦੇਸ਼ ਦੇ ਕੁੱਝ ਦੂਜੇ ਹਿੱਸਿਆਂ ਵਿਚ ਬੱਚੀਆਂ ਵਿਰੁਧ ਯੌਨ ਹਿੰਸਾ ਦੀਆਂ ਘਟਨਾਵਾਂ ਦੇ ਪਿਛੋਕੜ ਵਿਚ ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ ਨੇ ਅਜਿਹੇ ਘਿਨਾਉਣੇ ਮਾਮਲਿਆਂ ਵਿਚ ਮੌਤ ਦੀ ਸਜ਼ਾ ਦੀ ਪੈਰਵੀ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਲਈ ਪੋਕਸੋ ਕਾਨੂੰਨ ਵਿਚ ਜ਼ਰੂਰੀ ਸੋਧ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਾਲ ਯੌਨ ਅਪਰਾਧ ਵਿਰੋਧੀ ਕਾਨੂੰਨ ਪੋਕਸੋ ਤਹਿਤ ਹੁਣ ਘਿਨਾਉਣੇ ਮਾਮਲਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ। 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੀ ਭਿਆਨਕ ਘਟਨਾ ਦੀ ਜਾਂਚ ਲਈ ਇਕ ਵਿਅਕਤੀ ਨੇ ਬੀਤੇ ਬੁੱਧਵਾਰ ਨੂੰ ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ।

ਫਿਰੋਜ਼ਪੁਰ ਜ਼ਿਲੇ ਦੇ ਸਿਵਲ ਹਸਪਤਾਲ 'ਚ ਡਾਕਟਰ ਵੱਲੋਂ ਔਰਤ ਨਾਲ ਕੀਤੀ ਕੁੱਟਮਾਰ ਮਾਮਲੇ ‘ਚ ਵੀਡੀਓ 'ਚ ਖੜ੍ਹੇ ਨਜ਼ਰ ਆ ਰਹੇ 2 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਡਾਕਟਰ ਨੇ ਪੁਲਸ ਕਰਮਚਾਰੀਆਂ ਦੇ ਸਾਹਮਣੇ ਉਸ ਔਰਤ ਨੂੰ ਫੜ ਕੇ ਵਾਲਾਂ ਤੋਂ ਖਿੱਚ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਸੀ। ਇਸ ਵਾਇਰਲ ਹੋ ਰਹੀ ਵੀਡੀਓ 'ਤੇ ਮਹਿਲਾ ਆਯੋਗ ਨੇ ਡਾਕਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।ਪਰ ‘ਕਸਾਈ’ ਡਾਕਟਰ ਹਾਲੇ ਤਕ ਗ੍ਰਿਫ਼ਤ ‘ਚੋਂ ਬਾਹਰ ਹੈ।
