550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਿੱਖ ਫੁਟਬਾਲ ਕੱਪ’ : ਟਰਾਇਲ 31 ਅਕਤੂਬਰ ਅਤੇ 1 ਨਵੰਬਰ ਨੂੰ

560

ਬਠਿੰਡਾ, 24 ਅਕਤੂਬਰ (ਬਲਵਿੰਦਰ ਸਿੰਘ ਭੁੱਲਰ)

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸਿੱਖ ਫੁਟਬਾਲ ਕੱਪ’ ਦੇ ਟਰਾਇਲ ਬਠਿੰਡਾ ਵਿਖੇ 31 ਅਕਤੂਬਰ ਅਤੇ 1 ਨਵੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਖਾਲਸਾ ਐੱਫ ਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਅੱਜ ਬਠਿੰਡਾ ਵਿਖੇ ਉਚੇਚੇ ਤੌਰ ’ਤੇ ਪਹੁੰਚ ਕੇ ਖੇਡ ਪ੍ਰੇਮੀ ਅਤੇ ਖੇਡ ਵਿਭਾਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੀਫਾ ਦੇ ਨਿਯਮਾਂ ਤਹਿਤ ਕੇਸਾਧਾਰੀ ਖਿਡਾਰੀਆਂ ਲਈ ਇਹ ਫੁੱਟਬਾਲ ਕੱਪ 23 ਨਵੰਬਰ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਇਆ ਜਾਵੇਗਾ। ‘ਸਿੱਖ ਫੁੱਟਬਾਲ ਕੱਪ’ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗਰੇਵਾਲ ਨੇ ਦੱਸਿਆ ਕਿ ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿੱਚ 14 ਤੋਂ 21 ਸਾਲ ਦੀ ਉਮਰ ਤੱਕ ਦੇ ਸਾਬਤ-ਸੂਰਤ ਖਿਡਾਰੀ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ‘ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦਾ ਪ੍ਰਮੁੱਖ ਮੰਤਵ ਸਰਵਉੱਚ ਸਿੱਖ ਸਿਧਾਤਾਂ ਨੂੰ ਕਾਇਮ ਰੱਖਦੇ ਹੋਏ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ ਵਿੱਚ ਪ੍ਰਫੁੱਲਤ ਕਰਨਾ ਅਤੇ ਹਰਮਨ ਪਿਆਰਾ ਬਨਾਉਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੇ ਖਾਲਸਾ ਐੱਫ ਸੀ ਵੱਲੋਂ 29 ਅਕਤੂਬਰ ਤੋਂ 2 ਨਵੰਬਰ ਤੱਕ ਜ਼ਿਲ੍ਹਾ ਪੱਧਰੀ ਫੁੱਟਬਾਲ ਟੀਮਾਂ ਦੀ ਚੋਣ ਕਰਨ ਲਈ ਹਰੇਕ ਜ਼ਿਲ੍ਹੇ ਵਿੱਚ ਚੋਣ ਟਰਾਇਲ ਕੀਤੇ ਜਾਣਗੇ।
ਇਸ ਉਪਰੰਤ 23 ਨਵੰਬਰ ਤੋਂ 30 ਨਵੰਬਰ ਤੱਕ ਅੰਤਰ-ਜ਼ਿਲ੍ਹਾ ਟੂਰਨਾਮੈਂਟ ਦੌਰਾਨ ਨਾਕ-ਆਊਟ ਵਿਧੀ ਦੇ ਆਧਾਰ ’ਤੇ ਮੈਚ ਦੇ ਬਾਅਦ ਰਾਜ ਪੱਧਰੀ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 7 ਦਸੰਬਰ ਨੂੰ ਐਸ।ਏ।ਐਸ। ਨਗਰ ਦੇ ਸਟੇਡੀਅਮ
ਵਿੱਚ ਕੀਤਾ ਜਾਵੇਗਾ। ਕਲੱਬ ਦੇ ਉਦੇਸ਼ਾਂ ਦਾ ਵੇਰਵਾ ਦਿੰਦਿਆਂ ਫੁੱਟਬਾਲ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਆਪਣੀ ਕਿਸਮ ਦਾ ਇਹ ਵਿਲੱਖਣ ਕੇਸਾਧਾਰੀ ਟੂਰਨਾਮੈਂਟ ਵਿਸ਼ਵ ਭਰ ਵਿੱਚ ਪੰਜਾਬੀ ਸੱਭਿਆਚਾਰ ਅਤੇ ਸਿੱਖ ਪਛਾਣ ਨੂੰ ਪ੍ਰਫੁੱਲਤ ਕਰੇਗਾ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨ੍ਹਾਂ ਦੀ ਤਾਕਤ ਨੂੰ ਖੇਡ ਗਤੀਵਿਧੀਆਂ ਵੱਲ ਪਰਤਣ ਵਿੱਚ ਸਹਾਇਤਾ ਕਰੇਗਾ ਅਤੇ ਖਿਡਾਰੀ ਇਸ ਖੇਡ ਨੂੰ ਪੇਸ਼ੇ ਵਜੋਂ ਅਪਣਾਕੇ ਆਪਣਾ ਭਵਿੱਖ ਉਜਲ ਬਣਾ ਸਕਣਗੇ।
ਖਾਲਸਾ ਐੱਫ ਸੀ ਵੱਲੋਂ ਖਿਡਾਰੀਆਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਦੀਆਂ ਸਾਰੀਆਂ ਕੇਸਧਾਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਤੋਂ ਇਲਾਵਾ ਯਾਤਰੀ ਭੱਤਾ ਵੀ ਮਿਲੇਗਾ। ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖਾਲਸਾ ਐਫ।ਸੀ।ਫੁੱਟਬਾਲ ਖਿਡਾਰੀਆਂ ਲਈ ਸ਼ੁਰੂਆਤੀ ਪਲੇਟਫਾਰਮ ਵਜੋਂ ਕੰਮ ਕਰੇਗਾ ਤਾਂ ਜੋ ਉਹ ਚੰਗੀ ਕਿਸਮਤ ਅਜਮਾਉਣ ਲਈ ਵੱਡੇ ਫੁੱਟਬਾਲ ਕਲੱਬਾਂ ਨਾਲ ਸਮਝੌਤੇ ਕਰ ਸਕਣ। ਉਨ੍ਹਾਂ ਦੱਸਿਆ ਕਿ ਖਾਲਸਾ ਐਫਸੀ ਦੀ ਵੈਬਸਾਈਟ ਤੇ ਮੋਬਾਇਲ ਐਪ ਵੀ ਲਾਂਚ ਕੀਤਾ ਜਾ ਚੁੱਕਾ ਹੈ। ਇਸ ਮੌਕੇ ਜਨਕ ਰਾਜ ਮਹਿਰੋਕ ਜੁਇੰਟ ਸੈਕਟਰੀ ਪੀ।ਐਸ।ਈ।ਬੀ। ਮੋਹਾਲੀ, ਗੁਰਦਰਸ਼ਨ ਸਿੰਘ ਸਿੱਧੂ ਮੀਡੀਆ ਟੀਮ ਖਾਲਸਾ ਫੁੱਟਬਾਲ ਕਲੱਬ, ਅਮਰਜੋਤ ਸਿੰਘ ਬਰਾੜ, ਅਮਨਪ੍ਰੀਤ ਸਿੰਘ, ਖਾਲਸਾ ਸਕੂਲ ਐਡਮਨਿਸਟ੍ਰੇਟਰ, ਮਨਪ੍ਰੀਤ ਸਿੰਘ ਟਰਾਂਸਪੋਰਟਰ, ਹਰਵਿੰਦਰ ਸਿੰਘ ਪ੍ਰਿੰਸੀਪਲ ਬਰੇਟਾ, ਸ਼ਿਵਰਾਜ ਸਿੰਘ ਸੰਧੂ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Real Estate