ਸੱਚੋ ਸੱਚ: ਵਿਰਲਾਪ ਕਰ ਰਹੀ ਜਵਾਨੀ

1495
ਮੋਹਨ ਸ਼ਰਮਾ
ਪ੍ਰੋਜੈਕਟ ਡਾਇਰੈਕਟ
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 9417148866

ਪੰਜਾਬ ਨੇ 1978 ਤੋਂ 1993 ਤੱਕ ਅੱਤਵਾਦ ਦਾ ਸੰਤਾਪ ਭੋਗਿਆ ਹੈ। ਪਰ ਨਸ਼ਿਆਂ ਦੇ ਅੱਤਵਾਦ ਦਾ ਸੰਤਾਪ ਇਸ ਤੋਂ ਜ਼ਿਆਦਾ ਭਿਆਨਕ ਹੈ। ਕਿਤੇ ‘ਚਿੱਟੇ’ ਦੀ ਓਵਰਡੋਜ਼ ਨਾਲ ਕੂੜੇ ਦੇ ਢੇਰ ਤੇ ਮਰਿਆ ਪਿਆ ਨੌਜਵਾਨ, ਮਾਂ ਦੇ ਇੱਕਲੌਤੇ ਪੁੱਤ ਦੀ ਲਾਸ਼ ’ਤੇ ਪੱਥਰਾਂ ਨੂੰ ਵੀ ਰਵਾਉਣ ਵਾਲੇ ਕੀਰਨੇ, ਸਦਾ ਲਈ ਸੌਂਹ ਚੁੱਕੇ ਬਾਪ ਨਾਲ ਚਿੰਬੜਿਆ ਮਾਸੂਮ ਬੱਚਾ ਆਪਣੇ ਹੱਥਾਂ ਨਾਲ ਬਾਪ ਨੂੰ ਹਲੂਣਦਿਆਂ ਕਹਿੰਦਾ ਹੈ, ““‘‘ ਪਾਪਾ, ਮੈਨੂੰ ਸਕੂਲ ਛੱਡ ਆਉ।।।।।।।।।”’’ ਅਜਿਹੀ ਵਿਸਫੋਟਕ ਅਤੇ ਤਬਾਹਕੁਨ ਸਥਿਤੀ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ। ਪਰ ਅਜਿਹੀ ਸਥਿਤੀ ਤੇ ਕਾਬੂ ਪਾਉਣ ਲਈ ਕੀਤੇ ਗਏ ਯਤਨ ਡਿੱਗ ਰਹੇ ਮਕਾਨਾਂ ’ਤੇ ਸਫੈਦੀ ਕਰਨ, ਸੁੱਕ ਰਹੇ ਬੂਟੇ ਦੀਆਂ ਜੜ੍ਹਾਂ ਵੱਲ ਧਿਆਨ ਨਾ ਦੇ ਕੇ ਪੱਤਿਆਂ ਤੇ ਸਪਰੇਅ ਕਰਨ, ਸਿਰ ਤੇ ਹੋਏ ਜਖ਼ਮ ਵੱਲ ਧਿਆਨ
ਨਾ ਦੇ ਕੇ ਪੈਰ ਤੇ ਮਰ੍ਹਮ ਪੱਟੀ ਕਰਨ ਦੇ ਯਤਨਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਪਰ ਇਸ ਦੇ ਸਮਾਜਿਕ, ਰਾਜਨੀਤਿਕ ਅਤੇ ਪ੍ਰਸ਼ਾਸਨਿਕ ਕਾਰਨਾਂ ’ਤੇ ਕੇਂਦਰਿਤ ਨਾ ਕਰਕੇ ਪੰਜਾਬ ਰੂਪੀ ਜੰਗਲ ਦੀ ਅੱਗ ਨੂੰ ਪੀਪਿਆਂ ਨਾਲ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਨਸ਼ਾ ਛੁਡਾਊ ਕੇਂਦਰ ਸੰਗਰੂਰ ਵਿਖੇ ਪੰਜਾਬ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ)ਨੇ ਦੋਰਾ ਕੀਤਾ। ਨਸ਼ਾ ਛੁਡਾਊ ਕੇਂਦਰ ਦੀ ਸਮੁੱਚੀ ਕਾਰਗੁਜਾਰੀ ਦੇਖਣ ਉਪਰੰਤ ਗੱਲਾਂ-ਬਾਤਾਂ ਦਰਮਿਆਨ ਸੰਸਥਾ ਦੇ ਮੁਖੀ ਨੇ ਪ੍ਰਗਟਾਵਾ ਕੀਤਾ ਕਿ ਨਸ਼ੱਈ ਮਰੀਜ਼ ਜ਼ਿੰਦਗ਼ੀ ਦੇ ਖ਼ਲਨਾਇਕ ਨਹੀਂ, ਪੀੜਤ ਹਨ। ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਵਿੱਚ ਧੱਸਣ ਦੇ ਮੂਲ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਧਰਮ, ਸਾਹਿਤ ਅਤੇ ਕਿਰਤ ਨਾਲ ਜੋੜ ਕੇ ਆਤਮ ਵਿਸ਼ਵਾਸ ਪੈਦਾ ਕਰਨ ਦੀ ਲੋੜ੍ਹ ਹੈ। ਦ੍ਰਿੜ ਇੱਛਾ ਸ਼ਕਤੀ ਹੀ ਨੌਜਵਾਨਾਂ ਨੂੰ ਨਸ਼ਾ ਰਹਿਤ ਕਰ ਸਕਦੀ ਹੈ। ਇਹ ਸਭ ਕੁਝ ਦੁਆ ਅਤੇ ਦਵਾਈ ਦੇ ਸੁਮੇਲ ਨਾਲ ਹੀ ਸੰਭਵ ਹੋ ਸਕਦਾ ਹੈ। ਅਧਿਕਾਰੀ ਸਾਹਿਬ ਦੀ ਇੱਛਾ ਅਨੁਸਾਰ ਨਸ਼ੱਈ ਮਰੀਜਾਂ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਅਫ਼ਸਰ ਨੇ ਹਮਦਰਦੀ ਭਰੇ ਲਹਿਜ਼ੇ ਨਾਲ ਉਨ੍ਹਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “‘‘ਮੈਨੂੰ ਆਪਣਾ ਦੋਸਤ ਵੀ ਸਮਝੋ ਅਤੇ ਹਮਦਰਦ ਵੀ। ਤੁਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਇਲਾਜ਼ ਕਰਵਾਉਣ ਲਈ ਆਏ ਹੋਂ। ਤੁਹਾਡੇ ਚਿਹਰਿਆਂ ਤੋਂ ਲੱਗਦਾ ਹੈ ਕਿ ਤੁਸੀਂ ਕਾਫ਼ੀ ਹੱਦ ਤੱਕ ਇਸ ਕੋਹੜ ਤੋਂ ਖਹਿੜਾ ਛੁਡਵਾ ਚੁੱਕੇ ਹੋਂ। ਤੁਸੀਂ ਮੈਨੂੰ ਬਿਨਾਂ ਕਿਸੇ ਸੰਕੋਚ ਅਤੇ ਭੈਅ ਤੋਂ ਦੱਸੋ ਕਿ ਆਪਣੇ ਪੰਜਾਬ ਨੂੰ ਨਸ਼ਾ ਰਹਿਤ ਕਿਵੇਂ ਕੀਤਾ ਜਾ ਸਕਦੈ? ਸਪਲਾਈ ਲਾਈਨ ਦਾ ਲੱਕ ਕਿਵੇਂ ਤੋੜਿਆ ਜਾ ਸਕਦੈ?’’ ਅਧਿਕਾਰੀ ਦੇ ਪ੍ਰਸ਼ਨ ਨਾਲ ਇੱਕ ਵਾਰ ਕਮਰੇ ਵਿੱਚ ਚੁੱਪ ਜਿਹੀ ਪਸਰ ਗਈ। ਨਸ਼ੱਈ ਮਰੀਜ਼ ਗੰਭੀਰ ਵੀ ਹੋ ਗਏ। ਦਾਖ਼ਲ ਅੰਦਾਜਨ 202 ਮਰੀਜਾਂ ਵਿਚੋਂ 3 ਪੋਸਟ ਗ੍ਰੈਜੂਏਟ, 1 ਬੀ।ਐਡ, ਕੁਝ ਗ੍ਰੈਜੂਏਟ ਅਤੇ ਬਾਕੀ ਘੱਟ ਪੜ੍ਹੇ-ਲਿਖੇ ਸਨ। ਪਰ ਜ਼ਿੰਦਗ਼ੀ ਜਿਉਣ ਦੀ ਸੋਝੀ ਸਾਰਿਆਂ ਨੂੰ ਹੀ ਆ ਚੁੱਕੀ ਸੀ। ਸਾਰੇ ਇਲਾਜ ਕਰਵਾ ਰਹੇ ਮਰੀਜਾਂ ਨੂੰ ਸਾਹਮਣੇ ਬੈਠਾ ਅਧਿਕਾਰੀ ਆਪਣਾ ਹਮਦਰਦ ਲੱਗਿਆ। ਉਨ੍ਹਾਂ ਵਿੱਚੋਂ ਇੱਕ ਨੇ ਹੌਂਸਲਾ ਕਰਕੇ ਕਿਹਾ, ‘ਸਰ, ਮੈਂ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਹਾਂ। ਸਥਿਤੀ ਇਨ੍ਹੀਂ ਖ਼ਰਾਬ ਹੋ ਗਈ ਹੈ ਕਿ ਘਰ ਵਿੱਚ ਰੋਟੀ ਪਕਾਉਣ ਲਈ ਜੇਕਰ ਆਟਾ ਨਹੀਂ ਹੈ ਤਾਂ ਦੁਕਾਨ ਤੋਂ ਆਟਾ ਲਿਆਉਣ ਵਿੱਚ ਦੇਰ ਲੱਗ ਸਕਦੀ ਹੈ, ਪਰ ਨਸ਼ੇ ਦੀ ਹੋਮ ਡਿਲਿਵਰੀ ਇੱਕ ਟੈਲੀਫੋਨ ਤੇ ਹੀ ਤੁਰੰਤ ਹੋ ਜਾਂਦੀ ਹੈ। ਉਨ੍ਹਾਂ ਨੂੰ ਕਿਸੇ ਦਾ ਡਰ-ਭੈਅ ਨਹੀਂ ਹੈ।’’ ਉਹਦੀ ਕਹੀ ਗੱਲ ਨੇ ਅਧਿਕਾਰੀ ਨੂੰ ਗੰਭੀਰ ਕਰ ਦਿੱਤਾ। ਦੂਜੇ ਮਰੀਜਾਂ ਵਿੱਚੋਂ ਇੱਕ ਹੋਰ ਨੇ ਗੱਲ ਨੂੰ ਅਗਾਂਹ ਤੋਰਿਆ,‘‘ ਮੈਂ ਥੋਨੂੰ ਸਹੀ ਗੱਲ ਦੱਸਦਾਂ ਹਾਂ ਜੀ, ਪਿੰਡਾਂ ਵਿੱਚ ਚਿੱਟਾ ਅਤੇ ਹਰਿਆਣੇ ਦੀ ਸਸਤੀ ਸ਼ਰਾਬ ਵੇਚਣ ਵਾਲੇ ਹਰਲ-ਹਰਲ ਕਰਦੇ ਫਿਰਦੇ ਨੇ। ਚਿੱਟੇ ਤੇ ਜਦੋਂ ਇੱਕ ਮੁੰਡਾ ਲੱਗ ਜਾਂਦੈ ਤਾਂ ਉਹ ਹੋਰਾਂ ਨੂੰ ਵੀ ਚਾਟ ਤੇ ਲਾ ਦਿੰਦੈ ਅਤੇ ਵਿੱਚੋਂ ਆਪਣਾ ਖਰਚ ਕੱਢ ਲੈਂਦੈ। ਇਉਂ ਗਾਹਾਂ ਦੀ ਗਾਹਾਂ ਮੁੰਡੇ ਪੱਟੇ ਜਾ ਰਹੇ ਨੇ। ਇਨ੍ਹਾਂ ਤੋਂ ਅੱਕੇ ਹੋਏ ਲੋਕ ਜੇ ਥਾਣੇ ਇਤਲਾਹ ਕਰਦੇ ਨੇ ਤਾਂ ਉਨ੍ਹਾਂ ਦਾ ਜਵਾਬ ਹੁੰਦੈ, ‘‘ ਤੁਸੀਂ ਪਿੰਡ ਚੱਲੋ, ਅਸੀਂ ਕਰਦੇ ਆਂ ਸਾਲਿਆਂ ਨੂੰ ਲੋਟ।’’ ਇੱਕ ਪਰਚੀ ਤੇ ਨਸ਼ਾ ਵੇਚਣ ਵਾਲਿਆਂ ਦਾ ਥਹੁ-ਪਤਾ ਵੀ ਲਿਖ ਲੈਂਦੇ ਨੇ ਅਤੇ ਇਤਲਾਹ ਦੇਣ ਵਾਲਿਆਂ ਦਾ ਵੀ। ਪਰ ਇਤਲਾਹ ਦੇਣ ਵਾਲਿਆਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਪੁਲਸ ਵਾਲੇ ਤਸਕਰਾਂ ਨੂੰ ਮੋਬਾਇਲ ਤੇ ਸੂਚਨਾ ਦੇ ਦਿੰਦੇ ਨੇ ਕਿ ਪਿੰਡ ਦੇ ਫਲਾਣੇ-ਫਲਾਣੇ ਬੰਦੇ ਥੋਡੀ ਸ਼ਿਕਾਇਤ ਕਰਕੇ ਗਏ ਨੇ। ਇਹਦੇ ਨਾਲ ਨਸ਼ੇ ਵੇਚਣ ਵਾਲਿਆਂ ਦਾ ਇਤਲਾਹ ਕਰਨ ਵਾਲਿਆਂ ਨਾਲ ਵੈਰ ਪੈ ਜਾਂਦੈ ਅਤੇ ਦੂਜੇ ਪਾਸੇ ਪੁਲਸ ਵਾਲੇ ਆਪਣਾ ਵਸੂਲੀ ਦਾ ਰੇਟ ਵਧਾ ਕੇ ਹੱਥ ਰੰਗ ਲੈਂਦੇ ਨੇ। ਇਸ ਵੇਲੇ ਤਾਂ ਜੀ ਕੁੱਤੀ ਚੋਰਾਂ ਨਾਲ ਰਲੀ ਹੋਈ ਐ। ਭਲਾਂ ਜੀ, ਜੇ ਵਾੜ੍ਹ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤਾਂ ਰੱਬ ਹੀ ਰਾਖੈ।’’ ਇਹ ਕਹਿੰਦਿਆਂ ਮੁੰਡੇ ਦੀ ਹਾਲਤ ਰੋਣ ਹਾਕੀ ਹੋ ਗਈ ਸੀ। ਦੂਜੇ ਮੁੰਡਿਆਂ ਨੇ ਵੀ ਬੇਰੁਜ਼ਗਾਰੀ ਅਤੇ ਪੁਲਸ ਦੀ ਤਸਕਰਾਂ ਨਾਲ
ਮਿਲੀ-ਭੁਗਤ ਸਬੰਧੀ ਖੁੱਲ੍ਹ ਕੇ ਦੱਸਿਆ। ਇਸ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਭਖ਼ਦੇ ਮਸਲੇ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਵੀ ਹੋਈ। ਪਰ ਪਰਣਾਲਾ ਉੱਥੇ ਦਾ ਉੱਥੇ ਹੀ ਹੈ।

 

Real Estate