ਪੰਜਾਬ ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਖੁਸਰੇ ਸਨ ਨਕਲੀ

840

ਹਰਿਆਣਾ ਵਿੱਚ ਨਸ਼ਾ ਤਸਕਰਾਂ ਵੱਲੋਂ ਕੁੱਟੀ ਗਈ ਪੰਜਾਬ ਪੁਲਿਸ ਦੇ ਮਾਮਲੇ ਦੌਰਾਨ ਬੀਤੇ ਦਿਨੀਂ ਪਟਿਆਲਾ ਦੇ ਫੁਆਰਾ ਚੌਂਕ ‘ਤੇ ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਨਿਗਮ ਦੀ ਟੀਮ ਅਤੇ ਉਹਨਾਂ ਦੇ ਨਾਲ ਗਏ ਪੁਲਿਸ ਮੁਲਾਜ਼ਮਾਂ ‘ਤੇ ਖੁਸਰਿਆਂ ਦੇ ਇਕ ਗਰੁੱਪ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪਟਿਆਲਾ ਪੁਲਿਸ ਵੱਲੋਂ 10 ਅਕਤੂਬਰ ਦੀ ਸ਼ਾਮ ਨੂੰ ਗ੍ਰਿਫ਼ਤਾਰ ਕੀਤੇ ਗਏ 7 ਕਿੰਨਰਾਂ ਵਿੱਚੋਂ 4 ਕਿਨਰ ਨਕਲੀ ਬਣੇ ਹੋਏ ਸਾਹਮਣੇ ਆਏ ਹਨ, ਜਦਕਿ ਇਹ ਅਸਲ ‘ਚ ਮਰਦ ਹਨ। ਇਹ ਪ੍ਰਗਟਾਵਾ ਉਨ੍ਹਾਂ ਦੇ ਮੈਡੀਕਲ ਕਰਵਾਉਣ ਮਗਰੋਂ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸ ਐੱਸ ਪੀ ਸ। ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਥਾਣਾ ਸਿਵਲ ਲਾਈਨ ਵਿਖੇ ਮਿਤੀ 10 ਅਕਤੂਬਰ 2019, ਐਫ਼ ਆਈ ਆਰ  ਨੰਬਰ 272, ਆਈ ਪੀ ਸੀ  ਦੀਆਂ ਧਾਰਾਵਾਂ 353, 186, 332, 160, 294, 427, 341,323, 506, 148, 149 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਤਹਿਤ ਦਰਜ ਹੋਏ ਕੇਸ ‘ਚ ਦੋ ਢਾਬਾ ਮਾਲਕਾਂ ਸਮੇਤ ਕਿਨਰਾਂ ਨੂੰ ਨਾਮਜਦ ਕੀਤਾ ਗਿਆ ਸੀ। ਇਨ੍ਹਾਂ ਵੱਲੋਂ ਫੁਹਾਰਾ ਚੌਂਕ ਨੇੜੇ ਨਗਰ ਨਿਗਮ ਪਟਿਆਲਾ ਦੀ ਟੀਮ ‘ਤੇ ਹਮਲਾ ਕਰਨ ਦੇ ਨਾਲ-ਨਾਲ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਗਈ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਿੰਟੂ, ਨੈਂਸੀ, ਸਰੋਜ, ਪਿੰਕੀ, ਕਾਜਲ, ਮਮਤਾ ਅਤੇ ਨੂਰੀ ਨੂੰ ਅਦਾਲਤੀ ਹਿਰਾਸਤ ਤਹਿਤ ਜੇਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਮੈਡੀਕਲ ਕਰਵਾਉਣ ਦੌਰਾਨ ਇਹ ਸਚਾਈ ਸਾਹਮਣੇ ਆਈ ਕਿ ਮਹੰਤ ਮਮਤਾ, ਨੂਰੀ, ਸਰੋਜ ਅਤੇ ਕਾਜਲ ਸਰੀਰਕ ਤੌਰ ‘ਤੇ ਮਰਦ ਹਨ ਪਰੰਤੂ ਇਹ ਆਪਣੇ ਆਪ ਨੂੰ ਕਿੰਨਰ ਦਰਸਾ ਰਹੇ ਸਨ। ਸਿੱਧੂ ਨੇ ਦੱਸਿਆ ਕਿ ਮਹੰਤ ਨੈਂਸੀ ਅਤੇ ਪਿੰਕੀ ਕਿੰਨਰ ਹਨ ਅਤੇ ਇਨ੍ਹਾਂ ਨੂੰ ਨਾਭਾ ਜ਼ੇਲ੍ਹ ‘ਚ ਬੰਦ ਕੀਤਾ ਗਿਆ ਹੈ। ਜਦਕਿ ਬਾਕੀਆਂ ਨੂੰ ਪਟਿਆਲਾ ਦੀ ਕੇਂਦਰੀ ਜ਼ੇਲ੍ਹ ਭੇਜਿਆ ਗਿਆ ਹੈ।

Real Estate