ਬੈਂਸ ਖਿਲਾਫ਼ ਰੋਸ ਵਜੋਂ ਅੱਜ ਗੁਰਦਾਸਪੁਰ ਵਿੱਚ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ

491

ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਰੋਸ ਜਤਾਉਣ ਲਈ ਅੱਜ ਗੁਰਦਾਸਪੁਰ ਵਿੱਚ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।ਗੁਰਦਾਸਪੁਰ ਦੇ ਏਡੀਸੀ (ਜਨਰਲ) ਨੇ ਇਸ ਸਬੰਧੀ ਇੱਕ ਮਤਾ ਪਾਸ ਕੀਤਾ ਹੈ।ਦਰਅਸਲ ਗੁਰਦਾਸਪੁਰ ਦੇ ਡਿਪਟੀ ਡੀਸੀ ਵਿਪੁਲ ਉੱਜਵਲ ਦੇ ਨਾਲ ‘ਬਦਸਲੂਕੀ’ ਕਾਰਨ ਪੁਲਿਸ ਨੇ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬੈਂਸ ਨੇ ਸੋਮਵਾਰ ਨੂੰ ਜ਼ਮਾਨਤ ਲਈ ਗੁਰਦਾਸਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੱਗੇ ਅਪੀਲ ਕੀਤੀ। ਜੱਜ ਨੇ ਸੁਣਵਾਈ ਲਈ 12 ਸਤੰਬਰ ਦਾ ਦਿਨ ਤੈਅ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਡੀਸੀ ਨਾਲ ਬਦਸਲੂਕੀ ਦੀ ਵੀਡੀਓ ਵੇਖਣ ਬਾਅਦ ਉਨ੍ਹਾਂ ਨੇ ਹੀ ਬੈਂਸ ਖ਼ਿਲਾਫ਼ FIR ਦਰਜ ਕਰਨ ਦੇ ਹੁਕਮ ਦਿੱਤੇ ਸੀ। ਕੈਪਟਨ ਨੇ ਕਿਹਾ ਕਿ ਉਹ ਡੀਸੀ ਦੇ ਨਾਲ ਖੜ੍ਹੇ ਹਨ ਤੇ ਆਪਣੇ ਅਫ਼ਸਰਾਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਇਸ ਸਬੰਧੀ ਬੈਂਸ ਨੇ ਇਲਜ਼ਾਮ ਲਾਇਆ ਹੈ ਕਿ ਇਹ ਐਫਆਈਆਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਜ਼ਿਸ਼ ਹੈ। ਬੈਂਸ ਨੇ ਕਿਹਾ ਹੈ ਕਿ ਸਿਟੀ ਸੈਂਟਰ ਘੁਟਾਲੇ ਵਿੱਚ ਉਨ੍ਹਾਂ ਨੇ ਕੈਪਟਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਇਸ ਦਾ ਬਦਲਾ ਲੈਣ ਲਈ ਐਫਆਈਆਰ ਦਰਜ ਕਰਵਾਈ ਗਈ ਹੈ।

Real Estate