ਪਾਕਿਸਤਾਨ ਦੇ ਰੇਲ ਮੰਤਰੀ ਤੇ ਲੰਡਨ ਵਿੱਚ ਆਂਡਿਆਂ ਨਾਲ ਹਮਲਾ

3705

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨਾਲ ਲੰਡਨ ਵਿਚ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇਕ ਹੋਟਲ ਵਿਚ ਕਰਵਾਏ ਸਮਾਗਮ ਵਿਚ ਸ਼ਾਮਲ ਹੋ ਕੇ ਬਾਹਰ ਨਿਕਲ ਰਹੇ ਸਨ। ਇਸੇ ਦੌਰਾਨ ਕੁੱਝ ਲੋਕਾਂ ਨੇ ਉਨ੍ਹਾਂ ‘ਤੇ ਆਂਡਿਆਂ ਦੀ ਬਰਸਾਤ ਕਰ ਦਿੱਤੀ ਅਤੇ ਉਨ੍ਹਾਂ ਦੀ ਮਾਰਕੁੱਟ ਵੀ ਕੀਤੀ। ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਹਮਲਾਵਾਰ ਉਥੋਂ ਫ਼ਰਾਰ ਹੋ ਗਏ ਪਰ ਬਾਅਦ ਵਿਚ ਯੂਕੇ ਸਥਿਤ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਸਬੰਧਤ ਸੰਸਥਾ ਪੀਪਲਜ਼ ਯੂਥ ਆਰਗੇਨਾਈਜੇਸ਼ਨ ਯੂਰਪ ਦੇ ਪ੍ਰਧਾਨ ਆਸਿਫ਼ ਅਲੀ ਖ਼ਾਨ ਅਤੇ ਗ੍ਰੇਟਰ ਲੰਡਨ ਮਹਿਲਾ ਵਿੰਗ ਦੀ ਜਨਰਲ ਸਕੱਤਰ ਸਮਾਹ ਨਾਜ਼ ਨੇ ਇਕ ਬਿਆਨ ਜਾਰੀ ਕਰਕੇ ਸ਼ੇਖ਼ ਰਸ਼ੀਦ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪੀਪੀਪੀ ਆਗੂਆਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸ਼ੇਖ਼ ਰਸ਼ੀਦ ਨੇ ਪਿਛਲੇ ਦਿਨੀਂ ਪੀਪੀਪੀ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਗਾਲਾਂ ਕੱਢੀਆਂ ਸਨ। ਉਨ੍ਹਾਂ ਇਹ ਵੀ ਆਖਿਆ ਕਿ ਸ਼ੇਖ਼ ਰਸ਼ੀਦ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ‘ਤੇ ਸਿਰਫ਼ ਆਂਡੇ ਹੀ ਸੁੱਟੇ ਗਏ। ਪਾਕਿਸਤਾਨ ਤਹਿਰੀਕ ਏ ਇਨਸਾਫ਼ ਲੰਡਨ ਦੇ ਪ੍ਰਧਾਨ ਵਹੀਦ ਉਰ ਰਹਿਮਾਨ ਨੇ ਇਸ ਹਮਲੇ ਨੂੰ ਸ਼ਰਮਨਾਕ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। ਅਵਾਮੀ ਮੁਸਲਿਮ ਲੀਗ ਦੇ ਨੇਤਾ ਸਲੀਮ ਸ਼ੇਖ਼ ਨੇ ਵੀ ਹਮਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਕੇਸ ਦਰਜ ਕਰਨ ਦੀ ਗੱਲ ਆਖੀ ਹੈ।
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਕਸਰ ਅਪਣੇ ਵਿਵਾਦਤ ਬਿਆਨਾਂ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿਚ ਰਹਿੰਦੇ ਹਨ। ਉਹ ਕਈ ਵਾਰ ਭਾਰਤ ਵਿਰੋਧੀ ਬਿਆਨ ਵੀ ਦੇ ਚੁੱਕੇ ਹਨ। ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਸ਼ੇਖ਼ ਰਸ਼ੀਦ ਨੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਵੀ ਦਿੱਤੀ । ਕੁੱਝ ਮਹੀਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਸ੍ਰੀ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਂਅ ਬਦਲ ਕੇ ‘ਖ਼ਾਲਿਸਤਾਨ’ ਰੇਲਵੇ ਸਟੇਸ਼ਨ ਕਰ ਦੇਣ। ਉਨ੍ਹਾਂ ਦੇ ਇਸ ਬਿਆਨ ਦਾ ਜਿੱਥੇ ਭਾਰਤ ਵਿਚ ਕਾਫ਼ੀ ਵਿਰੋਧ ਕੀਤਾ ਗਿਆ ਸੀ, ਉਥੇ ਹੀ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕੀਤੀ ਗਈ ਸੀ।

Real Estate