ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ-ਪਾਕਿ ਮੀਟਿੰਗ ਵਿੱਚ ਜਿਆਦਾਤਰ ਮੁੱਦਿਆਂ ਤੇ ਬਣੀ ਸਹਿਮਤੀ

827

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਬੈਠਕ ਲਈ ਪਾਕਿਸਤਾਨ ਗਿਆ ਭਾਰਤੀ ਵਫ਼ਦ ਵਾਪਸ ਪਰਤ ਆਇਆ ਹੈ। ਵਾਪਸ ਪਰਤ ਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਫ਼ਦ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਂਘੇ ਦੇ ਚੱਲ ਰਹੇ ਕਾਰਜ ਆਪਣੇ ਮਿੱਥੇ ਸਮੇਂ ਤੱਕ ਮੁਕੰਮਲ ਕਰ ਲਏ ਜਾਣਗੇ। ਲਗਭਗ 80 ਫੀਸਦੀ ਮੁੱਦਿਆਂ ਤੇ ਦੋਹਾਂ ਧਿਰਾਂ ‘ਚ ਸਹਿਮਤੀ ਹੋ ਗਈ ਹੈ ।ਭਾਰਤ ਨੇ ਅਪੀਲ ਕੀਤੀ ਹੈ ਕਿ ਕਰਤਾਰਪੁਰ ਗਲਿਆਰਾ ਸਾਰਾ ਸਾਲ, ਹਫ਼ਤੇ ਦੇ ਸੱਤੇ ਦਿਨ ਖੁੱਲ੍ਹਾ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸ਼ਰਧਾਲੂ ਜਾਂ ਜਥਾ ਆਪਣੀ ਮਰਜ਼ੀ ਦੇ ਸਮੇਂ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ, ਜਿਸ ਨੂੰ ਪਾਕਿਸਤਾਨ ਨੇ ਮੰਨ ਲਿਆ ਹੈ।ਅੱਜ ਦੀ ਬੈਠਕ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸ਼ਰਧਾਲੂਆਂ ਦੇ ਆਦਾਨ-ਪ੍ਰਦਾਨ ਤੇ ਗਲਿਆਰੇ ਦੇ ਬੁਨਿਆਦੀ ਢਾਂਚੇ ਬਾਰੇ ਕਾਫੀ ਵਿਚਾਰਾਂ ਹੋਈਆਂ। ਭਾਰਤ ਨੇ ਆਪਣੇ ਡਰਾਫਟ ਵਿੱਚ ਪਾਕਿਸਤਾਨ ਨੂੰ ਮੁੜ ਤੋਂ ਦੁਹਰਾਇਆ ਕਿ ਉਹ ਰੋਜ਼ਾਨਾ 5,000 ਤੇ ਖ਼ਾਸ ਦਿਹਾੜਿਆਂ ਮੌਕੇ 10,000 ਸ਼ਰਧਾਲੂਆਂ ਨੂੰ ਜਾਣ ਦੀ ਖੁੱਲ੍ਹ ਦੇਵੇ। ਭਾਰਤ ਇਹ ਵੀ ਮੰਗ ਰੱਖੀ ਹੈ ਕਿ ਕਰਤਾਪੁਰ ਗਲਿਆਰੇ ਦੀ ਵਰਤੋਂ ਸਿਰਫ ਭਾਰਤੀ ਨਾਗਰਿਕਾਂ ਹੀ ਨਹੀਂ ਬਲਕਿ ਉਨ੍ਹਾਂ ਭਾਰਤੀ ਮੂਲ ਦੇ ਅਜਿਹੇ ਵਿਅਕਤੀਆਂ ਲਈ ਵੀ ਖੋਲ੍ਹੀ ਜਾਵੇ ਜੋ ਵਿਦੇਸ਼ੀ ਭਾਰਤੀ ਨਾਗਰਿਕ ਹੋਣ ਦਾ ਪਛਾਣ ਪੱਤਰ ਰੱਖਦੇ ਹੋਣ। ਭਾਰਤ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਗਲਿਆਰੇ ਰਾਹੀਂ ਸੰਗਤ ਨੂੰ ਵੀਜ਼ਾ ਤੋਂ ਬਗ਼ੈਰ ਤੇ ਪੈਦਲ ਜਾਣ ਦੀ ਵੀ ਖੁੱਲ੍ਹ ਦਿੱਤੀ ਜਾਵੇ। ਨਾਲ ਹੀ ਪਰਮਿਟ ਫੀਸ ਤੇ ਹੋਰ ਲਾਗਤਾਂ ਨੂੰ ਹਟਾ ਕੇ ਇਸ ਨੂੰ ਮੁਫ਼ਤ ਰੱਖਣ ਦੀ ਵੀ ਅਪੀਲ ਕੀਤੀ ਗਈ।ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਕੌਰੀਡੋਰ ਦੇ ਰਸਤੇ ਪੈਂਦੇ ਡੇਰਾ ਬਾਬਾ ਨਾਨਕ ਅਤੇ ਸਰਹੱਦ ਤੋਂ ਪਾਰ ਵਾਲੇ ਲਾਗਲੇ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਵਿਸ਼ੇਸ਼ ਪਾਣੀ ਜਾਂ ਗਿੱਲੀ ਜ਼ਮੀਨ ‘ਤੇ ਉਸਾਰੇ ਜਾਣ ਵਾਲੇ ਸੜਕੀ ਮਾਰਗ (ਕਾਜ਼ਵੇਅ) ਦਾ ਨਿਰਮਾਣ ਕੀਤਾ ਜਾਵੇ ਨਾ ਕਿ ਸਿੱਧੀ ਸੜਕ ਬਣਾਈ ਜਾਵੇ। ਭਾਰਤ ਨੇ ਪਾਕਿਸਤਾਨ ਨੂੰ ਆਪਣੇ ਪਾਸੇ ਬਣਨ ਵਾਲੇ ਪੁਲਾਂ ਦੇ ਵੇਰਵੇ ਵੀ ਸਾਂਝੇ ਕੀਤੇ।

Real Estate