ਨਿਊਜ਼ੀਲੈਂਡ ਪਾਸਪੋਰਟ ਧਾਰਕ 180 ਦੇਸ਼ਾਂ ‘ਚ ਵੀਜ਼ਾ ਫ੍ਰੀ ਦਾਖਲੇ ਨਾਲ ਖਿਸਕਿਆ 9ਵੇਂ ਨੰਬਰ ‘ਤੇ

3586

ਭਾਰਤ ਦਾ ਸਥਾਨ 86ਵਾਂ ਅਤੇ 58 ਦੇਸ਼ਾਂ ਵਿਚ ਵੀਜ਼ਾ ਰਹਿਤ ਦਾਖਲਾ

ਔਕਲੈਂਡ 3 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- 1970 ਵਿਚ ਸਥਾਪਿਤ ਅਤੇ ਦੁਬਾਰਾ 1997 ਦੇ ਵਿਚ ਪੁਨਰ ਨਿਰਮਾਣ ਬਾਅਦ ਹੋਂਦ ਵਿਚ ਆਈ ਹੈਨਲੇ ਅਤੇ ਪਾਰਟਨਰ ਸਰਵੇ ਕੰਪਨੀ (ਲੰਡਨ) ਨੇ ‘ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ’ ਦੇ ਡਾਟਾਬੇਸ ਨੂੰ ਅਧਾਰ ਬਣਾ ਕੇ ਸੰਸਾਰ ਭਰ ਦੇ ਪਾਸਪੋਰਟਾਂ ਦੀ ਸ਼ਕਤੀ ਦਾ ਵਿਸ਼ਲੇਸ਼ਣ ਕਰਦਿਆਂ ਅੰਕੜੇ ਜਾਰੀ ਕੀਤੇ ਹਨ ਕਿ ਕਿਹੜੇ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਅਤੇ ਕਿੰਨੀ ਲੰਬੀ ਛਾਲ ਲਗਾ ਸਕਦਾ ਹੈ। ਦਰਜਾਬੰਦੀ ਅਨੁਸਾਰ ਪਹਿਲੇ ਨੰਬਰ ਉਤੇ ਜਾਪਾਨ, ਸਿੰਗਾਪੁਰ ਆਏ ਹਨ ਜੋ 189 ਦੇਸ਼ਾਂ ਵਿਚ ਵੀਜ਼ਾ-ਫ੍ਰੀ ਦਾਖਲਾ ਲੈ ਸਕਦੇ ਹਨ, ਦੂਜੇ ਨੰਬਰ ਉਤੇ ਫਿਨਲੈਂਡ, ਜਰਮਨੀ ਅਤੇ ਸਾਊਥ ਕੋਰੀਆ ਹਨ ਜੋ 187 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ, ਤੀਜੇ ਨੰਬਰ ਉਤੇ ਡੈਨਮਾਰਕ, ਇਟਲੀ ਅਤੇ ਲੈਕਸਮਬਾਉਂਗ ਹਨ ਜੋ 186 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਨਿਊਜ਼ੀਲੈਂਡ ਦੇਸ਼ 9ਵੇਂ ਨੰਬਰ ਉਤੇ ਆਇਆ ਹੈ ਜਿਸਦਾ ਪਾਸਪੋਰਟ ਧਾਰਕ 180 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਲਿਆ ਜਾ ਸਕਦਾ ਹੈ। ਪਿਛਲੇ ਸਾਲ ਨਿਊਜ਼ੀਲੈਂਡ 8ਵੇਂ ਨੰਬਰ ਉਤੇ ਸੀ ਅਤੇ ਪਾਸਪੋਰਟ ਧਾਰਕਾਂ ਲਈ 182 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਐਂਟਰੀ ਸੀ। ਇਸਦੇ ਬਰਾਬਰ ਹੀ ਆਸਟਰੇਲੀਆ, ਆਈਸਲੈਂਡ ਅਤੇ ਲਿਥੀਆਨਾ ਵੀ 9ਵੇਂ ਨੰਬਰ ਉਤੇ ਹਨ। ਭਾਰਤ ਦੀ ਗੱਲ ਕਰੀਏ ਤਾਂ ਇਹ 86ਵੇਂ ਨੰਬਰ ਉਤੇ ਆਇਆ ਹੈ ਅਤੇ ਭਾਰਤੀ ਪਾਸਪੋਰਟ ਧਾਰਕ 58 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਲਿਆ ਜਾ ਸਕਦੇ ਹਨ। ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ 106ਵੇਂ ਨੰਬਰ ਉਤੇ ਹੈ ਅਤੇ ਇਸਦੇ ਲੋਕ 30 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਲਿਆ ਜਾ ਸਕਦੇ ਹਨ। ਸਭ ਤੋਂ ਹੇਠਾਂ 109ਵੇਂ ਨੰਬਰ ਉਤੇ ਅਫਗਾਨਿਸਤਾਨ ਆਇਆ ਹੈ ਜਿਸਦੇ ਲੋਕ ਸਿਰਫ 25 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਲਿਆ ਜਾ ਸਕਦੇ ਹਨ। ਸੋ ਕਿਹੜੇ ਦੇਸ਼ ਦੇ ਪਾਸਪੋਰਟ ਦੀ ਕਿੰਨੀ ਲੰਬੀ ਛਾਲ ਹੈ? ਤੋਂ ਵਿਕਾਸਸ਼ੀਲ ਅਤੇ ਵਿਕਸਤ ਦੇਸ਼ਾਂ ਦਾ ਅੰਤਰ ਵੀ ਵੇਖਿਆ ਜਾ ਸਕਦਾ ਹੈ।

Real Estate