ਪੰਜਾਬ ਦੇ ਪਾਣੀ ਦਾ ਇਜ਼ਰਾਈਲ ਬਣੇਗਾ ਰਾਖਾ ?

1603

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਸੂਬੇ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਸ਼ਵ ਦਾ ਇਕਲੌਤਾ ਮੁਲਕ ਹੈ ਜੋ ਆਪਣੇ ਵਾਧੂ ਪਾਣੀ ਨੂੰ 80 ਫ਼ੀਸਦ ਦੇ ਕਰੀਬ ਮੁੜ ਵਰਤੋਂ ਵਿੱਚ ਲਿਆਉਂਦਾ ਹੈ। ਸਮਝੌਤੇ ਮੁਤਾਬਕ ਕੰਪਨੀ ਵੱਲੋਂ ਅਕਤੂਬਰ, 2020 ਤੱਕ ਮਾਸਟਰ ਪਲਾਨ ਸੌਂਪਿਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਇਜ਼ਰਾਈਲ ਦੇ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ ਪੰਜਾਬ ਆਈ ਹੈ ਜਿਸ ਵੱਲੋਂ ਸੂਬੇ ਵਿੱਚ ਜਲ ਸਰੋਤਾਂ ਦੀ ਮੌਜੂਦਾ ਸਥਿਤੀ ਅਤੇ ਚੁਣੌਤੀਆਂ ਬਾਰੇ ਵੇਰਵੇ ਇਕੱਠੇ ਕੀਤੇ ਜਾਣਗੇ। ਟੀਮ ਵਲੋਂ ਅੱਜ ਪੰਜਾਬ ਭਵਨ ਵਿੱਚ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ। ਇਸ ਮੌਕੇ ਡਾਇਰੈਕਟੋਰੇਟ ਆਫ ਗਰਾਊਂਡਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਅਰੁਨਜੀਤ ਸਿੰਘ ਮਿਗਲਾਨੀ ਦੀ ਅਗਵਾਈ ਹੇਠ ਜਲ ਸਰੋਤ, ਖੇਤੀਬਾੜੀ ਤੇ ਕਿਸਾਨ ਭਲਾਈ, ਜਲ ਸਪਲਾਈ ਤੇ ਸੈਨੀਟੇਸ਼ਨ, ਪੀਐਸਪੀਸੀਐਲ, ਭੌਂ ਤੇ ਜਲ ਸੰਭਾਲ ਵਿਭਾਗਾਂ ਦੇ ਤਕਨੀਕੀ ਮਾਹਿਰ ਸ਼ਾਮਲ ਹੋਏ। ਮਿਗਲਾਨੀ ਨੇ ਕਿਹਾ ਕਿ ਜਲ ਸਰੋਤਾਂ ਦੀ ਸਮੇਂ ਸਿਰ ਸੰਭਾਲ ਨਾ ਕੀਤੇ ਜਾਣ ’ਤੇ ਪੰਜਾਬ ਲਈ ਗੰਭੀਰ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਜ਼ਰਾਈਲ ਦੇ ਇੰਟਰਨੈਸ਼ਨਲ ਸਪੈਸ਼ਲ ਪ੍ਰਾਜੈਕਟ ਕੋਆਰਡੀਨੇਟਰ ਡਾ। ਡਿਏਗੋ ਬਰਜਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਦੇਸ਼ ਵਿੱਚ ਜਲ ਸਰੋਤ ਦੀ ਸੰਭਾਲ ਕੀਤੀ ਜਾਂਦੀ ਹੈ। ਇਸ ਮੌਕੇ ਚੀਫ ਇੰਜਨੀਅਰ ਕੈਨਾਲਜ਼ ਜਗਮੋਹਨ ਸਿੰਘ ਮਾਨ ਅਤੇ ਚੀਫ ਇੰਜਨੀਅਰ ਡਰੇਨੇਜ ਐਂਡ ਮਾਈਨਿੰਗ ਸੰਜੀਵ ਗੁਪਤਾ ਨੇ ਇਜ਼ਰਾਇਲੀ ਟੀਮ ਨੂੰ ਸੂਬੇ ਵਿੱਚ ਮੌਜੂਦਾ ਸਿੰਜਾਈ ਅਤੇ ਹੜ੍ਹ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਬਾਰੇ ਦੱਸਿਆ। ਸੀਜੀਡਬਲਿਊਬੀ ਦੇ ਖੇਤਰੀ ਡਾਇਰੈਕਟਰ ਅਨੂਪ ਨਾਗਰ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਬਾਰੇ ਜਾਣੂ ਕਰਵਾਇਆ।

Real Estate