13 ਸੀਟਾਂ ਨਾ ਮਿਲਣ ’ਤੇ ਸਿੱਧੂ ਨੂੰ ਬਣਾਇਆ ਜਾਵੇਗਾ ਜ਼ਿੰਮੇਵਾਰ ?

693

ਲੋਕ ਸਭਾ ਚੋਣਾਂ ’ਚ ਅਸਫ਼ਲਤਾ ਹੱਥ ਲੱਗਣ ਦੀ ਸੂਰਤ ’ਚ ਇਸ ਦਾ ਠੀਕਰਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਿਰ ਭੰਨ੍ਹਣ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਤਿਆਰੀ ਕਰ ਲਈ ਹੈ। ਕੈਪਟਨ ਤੋਂ ਇਲਾਵਾ ਚਾਰ ਕੈਬਨਿਟ ਮੰਤਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੱਧੂ ਦੀ ਬਿਆਨਬਾਜ਼ੀ ਨੇ ਕਾਂਗਰਸ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਤੇ ਚੋਣਾਂ ਵਿਚ ਨੁਕਸਾਨ ਪਹੁੰਚਾਇਆ ਹੈ। ਪੰਜਾਬ ਕਾਂਗਰਸ ਦੀ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਸਿੱਧੂ ਨੇ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਬੇਲੋੜੀ ਅਤੇ ਬਿਨਾ ਮੌਕਾ ਵੇਖੇ ਬਿਆਨਬਾਜ਼ੀ ਕੀਤੀ ਜਿਸ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਿਆ ਹੈ। ਇਸ ਬਿਆਨਬਾਜ਼ੀ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਹੋਇਆਂ ਨੂੰ 27-28 ਮਹੀਨੇ ਹੋ ਗਏ ਹਨ ਤੇ ਉਹ ਅਜੇ ਕਾਂਗਰਸ ਪਾਰਟੀ ਦੇ ਸਭਿਆਚਾਰ ਵਿਚ ਢਲ ਨਹੀਂ ਸਕੇ ਤੇ ਇਸੇ ਕਰਕੇ ਅਜਿਹੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ‘ਦੋਸਤਾਨਾ ਮੈਚ’ ਨਹੀਂ ਹੈ ਤੇ ਕਾਂਗਰਸ ਬੇਅਦਬੀ ਦੇ ਮਾਮਲਿਆਂ ਬਾਰੇ ਪੂਰੀ ਗੰਭੀਰਤਾ ਨਾਲ ਕਾਰਵਾਈ ਕਰ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਵੀ ਗਈ ਹੈ। ਹੋਰ ਜਿਹੜੇ ਵੀ ਜ਼ਿੰਮੇਵਾਰ ਜਾਂਚ ਵਿਚ ਸਾਹਮਣੇ ਆ ਜਾਣਗੇ, ਉਨ੍ਹਾਂ ਵਿਰੁੱਧ ਵੀ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਬਿਆਨਬਾਜ਼ੀ ਤੋਂ ਬਾਅਦ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਜੇਕਰ ਕੋਈ ਸੀਟ ਵਿਰੋਧੀ ਪਾਰਟੀਆਂ ਨੂੰ ਜਾਵੇਗੀ ਤਾਂ ਉਸ ਦੇ ਜ਼ਿੰਮੇਵਾਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੋਣਗੇ।

Real Estate