ਡੇਰਾ ਸਿਰਸਾ ਨੇ ਬਠਿੰਡਾ ਹਲਕੇ ’ਚ ਦਿਖਾਈ ਤਾਕਤ

722

ਚਰਨਜੀਤ ਭੁੱਲਰ

ਡੇਰਾ ਸਿਰਸਾ ਨੇ ਬੀਤੇ ਦਿਨੀਂ ਬਠਿੰਡਾ ਹਲਕੇ ‘ਚ ਤਾਕਤੀ ਸ਼ੋਅ ਕੀਤਾ ਤਾਂ ਜੋ ਸਿਆਸੀ ਧਿਰਾਂ ਨੂੰ ਦਮਖਮ ਦਿਖਾਇਆ ਜਾ ਸਕੇ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਪੈਰੋਕਾਰਾਂ ਦਾ ਮਿੱਥ ਕੇ ਇਕੱਠ ਕੀਤਾ। ਡੇਰਾ ਸਿਰਸਾ ਨੇ ਗੁਆਚੀ ਸਾਖ ਦੀ ਬਹਾਲੀ ਲਈ ਅਤੇ ਸਿਆਸੀ ਪਿੜ ’ਚ ਪੁਰਾਣੀ ਧਾਕ ਦੀ ਕਾਇਮੀ ਲਈ ਅੱਜ ਤੋਂ ਲੋਕ ਸਭਾ ਹਲਕਾ ਵਾਰ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸ਼ੁਰੂਆਤ ਬਠਿੰਡਾ ਹਲਕੇ ਤੋਂ ਕੀਤੀ ਹੈ। ਪਹਿਲਾਂ ਡੇਰਾ ਮੀਡੀਆ ਤੋਂ ਦੂਰੀ ਵੱਟਦਾ ਸੀ, ਹੁਣ ਮੀਡੀਆ ਨੂੰ ਅਗਾਊਂ ਸੂਚਨਾ ਹੀ ਨਹੀਂ ਭੇਜ ਰਿਹਾ ਬਲਕਿ ਸਮਾਰੋਹਾਂ ਵਿੱਚ ਆਏ ਵਾਹਨਾਂ ਦੀ ਗਿਣਤੀ ਬਾਰੇ ਵੀ ਚਾਨਣਾ ਪਾ ਰਿਹਾ ਹੈ। ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਡੇਰਾ ਸਿਰਸਾ ਚੁੱਪ ਸੀ। ਹੁਣ ਜਦੋਂ ਸਿਆਸੀ ਮੇਲਾ ਭਖਿਆ ਹੈ ਤਾਂ ਡੇਰਾ ਸਿਰਸਾ ਆਪਣੀ ਸਿਆਸੀ ਵੁੱਕਤ ਪਵਾਉਣ ਦੇ ਰਾਹ ਪਿਆ ਹੈ। ਬਠਿੰਡਾ ਡਬਵਾਲੀ ਰੋਡ ’ਤੇ ਬਣੇ ਨਾਮ ਚਰਚਾ ਘਰ ਵਿੱਚ ਪੈਰੋਕਾਰਾਂ ਦਾ ਵੱਡਾ ਇਕੱਠ ਜੁੜਿਆ, ਜਿਸ ਵਿੱਚ ਮਾਨਵਤਾ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਦੂਰ ਦੁਰਾਡੇ ਤੋਂ ਪੈਰੋਕਾਰ ਬੱਸਾਂ ਭਰ ਭਰ ਕੇ ਆਏ। ਡੇਰਾ ਸਿਰਸਾ ਦਾ ਹੁਣ ਮਸਲਾ ਏਨਾ ਕੁ ਹੈ ਕਿ ਉਹ ਸਿਆਸੀ ਲੀਡਰਾਂ ਨੂੰ ਦਿਖਾ ਸਕਣ ਕਿ ਉਹ ਟੁੱਟੇ ਨਹੀਂ ਹਨ ਤੇ ਸਿਆਸੀ ਪਟਕਾ ਮਾਰਨ ਦੀ ਸਮਰੱਥਾ ਰੱਖਦੇ ਹਨ। ਐਤਕੀਂ ਖੁੱਲ੍ਹੇਆਮ ਡੇਰਾ ਸਿਰਸਾ ਦੇ ਨੇੜੇ ਜਾਣ ਨੂੰ ਕੋਈ ਤਿਆਰ ਨਹੀਂ ਹੈ। ਬੇਅਦਬੀ ਮਾਮਲੇ ਮਗਰੋਂ ਸਿਆਸੀ ਲੀਡਰਾਂ ਨੂੰ ਪੰਥਕ ਵੋਟ ਬੈਂਕ ਖੁੱਸਣ ਦਾ ਡਰ ਵੀ ਤਾਂ ਹੈ। ਚੋਣ ਕਮਿਸ਼ਨ ਦੇ ਡਰੋਂ ਅੱਜ ਡੇਰਾ ਪ੍ਰਬੰਧਕਾਂ ਨੇ ਪੈਰੋਕਾਰਾਂ ਨੂੰ ਏਕਤਾ ਦਾ ਪਾਠ ਪੜ੍ਹਾਇਆ। ਇਕੱਠ ਕਰਕੇ ਪੈਰੋਕਾਰਾਂ ਦਾ ਮਨੋਬਲ ਉੱਚਾ ਚੁੱਕਣਾ ਵੀ ਇੱਕ ਏਜੰਡਾ ਹੈ। ਆਗੂ ਮੈਂਬਰ ਹਰਚਰਨ ਸਿੰਘ ਨੇ ਇੱਥੋਂ ਤੱਕ ਆਖਿਆ ਕਿ ਮੌਸਮ ਬਦਲਦੇ ਰਹਿੰਦੇ ਹਨ ਅਤੇ ਵਕਤ ਵੀ ਤਬਦੀਲ ਹੁੰਦਾ ਰਹਿੰਦਾ ਹੈ ਪਰ ਕਦੇ ਏਦਾਂ ਨਹੀਂ ਹੋਇਆ ਕਿ ਬੱਦਲਾਂ ਦੇ ਢਕਣ ਨਾਲ ਸੂਰਜ ਚੜ੍ਹਨੋਂ ਹਟ ਜਾਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਡੇਰਾ ਪ੍ਰੇਮੀ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਭਲਾਈ ਦੇ ਕੰਮ ਕਰ ਰਹੇ ਹਨ। ਉਨ੍ਹਾਂ ਪੈਰੋਕਾਰਾਂ ਨੂੰ ਆਖਿਆ ਕਿ ਉਹ ਕਿਸੇ ਵੀ ਵਿਰੋਧ ਦਾ ਬਿਨਾਂ ਬਹਿਸ ਤੋਂ ਤਰਕ ਦੇ ਨਾਲ ਜੁਆਬ ਦੇਣ। ਆਗੂਆਂ ਨੇ 29 ਅਪਰੈਲ ਨੂੰ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਮਨਾਏ ਜਾ ਰਹੇ ਸਥਾਪਨਾ ਦਿਵਸ ’ਚ ਪਹੁੰਚਣ ਲਈ ਪੈਰੋਕਾਰਾਂ ਨੂੰ ਕਿਹਾ। ਇਸ ਮੌਕੇ 45 ਮੈਂਬਰ ਗੁਰਦੇਵ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ 45 ਮੈਂਬਰ (ਯੂਥ), 45 ਮੈਂਬਰ ਗੁਰਸੇਵਕ ਸਿੰਘ, ਭੋਲਾ ਸਿੰਘ, 45 ਮੈਂਬਰ ਭੈਣ ਊਸ਼ਾ, ਮਾਧਵੀ ਤੇ ਹੋਰ ਹਾਜ਼ਰ ਸਨ।

Real Estate