ਅਲਬਰਟਾ ਵਿਧਾਨ ਸਭਾ ਚੋਣਾਂ ‘ਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਜੇਤੂ, 4 ਪੰਜਾਬੀਆਂ ਨੇ ਵੀ ਗੱਡੇ ਝੰਡੇ

1667

ਸਾਬਕਾ ਫ਼ੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇ ਅਲਬਰਟਾ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਰੇਚਲ ਨੌਟਲੇ ਦੀ ਅਗਵਾਈ ਵਾਲੀ ਐਨਡੀਪੀ ਸਰਕਾਰ ਨੂੰ ਸ਼ਿਕਸਤ ਦਿੱਤੀ। ਜੈਸਨ ਕੈਨੀ ਦੀ ਪਾਰਟੀ ਹੂੰਝਾਫ਼ੇਰ ਜਿੱਤ ਹਾਸਲ ਕਰਦਿਆਂ 87 ਸੀਟਾਂ ਵਿਚੋਂ 63 ‘ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਜਦਕਿ ਸੱਤਾਧਾਰੀ ਐਨਡੀਪੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 24 ਸੀਟਾਂ ‘ਤੇ ਸਿਮਟ ਕੇ ਰਹਿ ਗਈ। ਚੋਣਾਂ ‘ਚ ਕੁਲ 7 ਭਾਰਤੀਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਿਨ੍ਹਾਂ ‘ਚ 4 ਪੰਜਾਬੀ ਹਨ। ਕੈਲਗਰੀ-ਫ਼ਾਲਕਨਬ੍ਰਿਜ ਸੀਟ ‘ਤੇ ਪੰਜਾਬੀ ਉਮੀਦਵਾਰਾਂ ਦਰਮਿਆਨ ਬੇਹੱਦ ਫ਼ਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ, ਜਿਥੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਦਵਿੰਦਰ ਤੂਰ 200 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ੍ਹਾਂ ਨੇ ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੂੰ ਹਰਾਇਆ। ਐਲਬਰਟਾ ਪਾਰਟੀ ਦੇ ਜਸਬੀਰ ਸਿੰਘ ਅਤੇ ਲਿਬਰਲ ਪਾਰਟੀ ਦੇ ਦੀਪਕ ਸ਼ਰਮਾ ਲੜੀਵਾਰ ਤੀਜੇ ਅਤੇ ਚੌਥੇ ਸਥਾਨ ‘ਤੇ ਰਹੇ।
2015 ਦੀਆਂ ਚੋਣਾਂ ਵਿਚ 3 ਸੀਟਾਂ ‘ਤੇ ਜੇਤੂ ਰਹੀ ਐਲਬਰਟਾ ਪਾਰਟੀ ਖਾਤਾ ਵੀ ਨਾ ਖੋਲ੍ਹ ਸਕੀ। ਇਸ ਤੋਂ ਵੀ ਮਾੜਾ ਹਾਲ ਲਿਬਰਲ ਪਾਰਟੀ ਦਾ ਹੋਇਆ ਜੋ ਕੁਲ ਵੋਟਾਂ ਦਾ ਇਕ ਫ਼ੀ ਸਦੀ ਹਾਸਲ ਕਰਨ ਵਿਚ ਵੀ ਸਫ਼ਲ ਨਾ ਹੋਈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਇਸ ਸੂਬੇ ‘ਚ ਜਿੱਤ ਹਾਸਲ ਕਰ ਕੇ ਸਰਕਾਰ ਬਣਾਈ ਸੀ। ਪਿਛਲੀ ਵਾਰ 54 ਸੀਟਾਂ ਜਿੱਤਣ ਵਾਲੀ ਪਾਰਟੀ ਇਸ ਵਾਰ 24 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ।

Real Estate