ਬਹਿਬਲ ਕਲਾਂ ਗੋਲੀ ਚਲਾਉਣ ਦੇ ਕਈ ਹੁਕਮ ਨਹੀਂ ਸਨ ਹੋਏ : ਵਿਸ਼ੇਸ਼ ਜਾਂਚ ਟੀਮ

1392

ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ 14 ਅਕਤੂਬਰ, 2015 ਨੂੰ ਬਹਿਬਲ ਕਲਾਂ ਵਿਖੇ ਬੇਅਦਬੀ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸ਼ਰਧਾਲੂਆਂ ਉੱਤੇ ਪੁਲਿਸ ਨੇ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਗਈ ਸੀ।ਉਸ ਦਿਨ ਦੋ ਸਿੱਖ ਮੁਜ਼ਾਹਰਾਕਾਰੀ ਮਾਰੇ ਗਏ ਸਨ।SIT ਵੱਲੋਂ ਇਹ ਪ੍ਰਗਟਾਵਾ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਅਰਜ਼ੀ ਉੱਤੇ ਜਵਾਬ ਦਿੰਦਿਆਂ ਕੀਤਾ ਹੈ। ਚਰਨਜੀਤ ਸ਼ਰਮਾ ਇਸ ਗੋਲੀਕਾਂਡ ਵਿੱਚ ਮੁਲਜ਼ਮ ਹੈ; ਜਿਸ ਨੂੰ ਬੀਤੀ 27 ਜਨਵਰੀ ਨੂੰ ਹੁਸ਼ਿਆਰਪੁਰ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ।ਕਪੂਰਥਲਾ ਦੇ ਐੱਸਐੱਸਪੀ ਅਤੇ ਸਿਟ ਮੈਂਬਰ ਸਤਿੰਦਰ ਸਿੰਘ ਨੇ ਇੱਕ ਹੋਰ ਇੰਕਸ਼ਾਫ਼ ਕੀਤਾ ਬਹਿਬਲ ਕਲਾਂ ਦੇ ਦੋ ਮੁਜ਼ਾਹਰਾਕਾਰੀਆਂ ਦੀ ਪੋਸਟ–ਮਾਰਟਮ ਰਿਪੋਰਟ ਵਿੱਚ ਇਹ ਸਾਫ਼ ਦੱਸਿਆ ਗਿਆ ਹੈ ਕਿ ਉਨ੍ਹਾਂ ਉੱਤੇ ਗੋਲੀਆਂ ਬਹੁਤ ਨੇੜਿਓਂ ਚਲਾਈਆਂ ਗਈਆਂ ਸਨ, ਜਦੋਂ ਉਹ ਬੈਠੇ ਸਨ। ਗੋਲੀਆਂ ਉਨ੍ਹਾਂ ਦੇ ਸਰੀਰਾਂ ਦੇ ਉੱਪਰਲੇ ਪਾਸਿਓਂ ਲੱਗੀਆਂ ਹਨ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੁਲਿਸ ਨੇ ਆਪਣੀ ਰੱਖਿਆ ਲਈ ਗੋਲੀਆਂ ਨਹੀਂ ਚਲਾਈਆਂ ਸਨ।ਉਸ ਵੇਲੇ ਭਾਵੇਂ ਜੈਤੋ ਦੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਪ੍ਰਿਤਪਾਲ ਸਿੰਘ ਮੌਕੇ ਉੱਤੇ ਮੌਜੂਦ ਸਨ ਪਰ ਫਿਰ ਵੀ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਦੀ ਇਜਾਜ਼ਤ ਨਹੀਂ ਲਈ ਗਈ। ਪ੍ਰਿਤਪਾਲ ਸਿੰਘ ਹੁਰਾਂ ਦਾ ਬਿਆਨ ਵੀ ਸਿਟ ਵੱਲੋਂ ਦਰਜ ਕੀਤਾ ਗਿਆ ਹੈ।
ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਐਂਵੇਂ ਝੂਠੇ ਸਬੂਤ ਬਣਾਉਣ ਲਈ ਚਰਨਜੀਤ ਸਿੰਘ ਸ਼ਰਮਾ ਦੀ ਜਿਪਸੀ ਉੱਤੇ ਬਠਿੰਡਾ ਵਿੱਚ ਗੋਲੀਆਂ ਚਲਾ ਕੇ ਨਿਸ਼ਾਨ ਬਣਾ ਦਿੱਤੇ ਗਏ। ਕਾਗਜ਼ਾਂ ਵਿੱਚ ਇਹੋ ਦਰਸਾਇਆ ਗਿਆ ਕਿ ਭੀੜ ਨੇ ਪੁਲਿਸ ਦੀ ਟੀਮ ਉੱਤੇ ਗੋਲੀਆਂ ਚਲਾ ਦਿੱਤੀਆਂ ਸਨ ਤੇ ਟੀਮ ਨੂੰ ਆਪਣੀ ਰੱਖਿਆ ਲਈ ਭੀੜ ਉੱਤੇ ਗੋਲੀਆਂ ਚਲਾਉਣੀਆਂ ਪਈਆਂ।ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ।

Real Estate