ਖਹਿਰਾ ਨੂੰ ਅਸਤੀਫ਼ੇ ਬਾਰੇ ਨੋਟਿਸ ਨਿਕਲਿਆ , 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ

540

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਅਸਤੀਫ਼ੇ ਸਬੰਧੀ ਨੋਟਿਸ ਜਾਰੀ ਕਰ ਕੇ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਇਹ ਨੋਟਿਸ 11 ਮਾਰਚ ਨੂੰ ਜਾਰੀ ਕੀਤਾ ਗਿਆ ਹੈ।
ਖਹਿਰਾ ਨੇ 6 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਪੱਤਰ ਦੇ ਕੇ ਕਿਹਾ ਸੀ ਕਿ ਖਹਿਰਾ ‘ਆਪ’ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਪਰ ਹੁਣ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਵਿਧਾਇਕ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਖ਼ਤਮ ਕੀਤੀ ਜਾਵੇ। ਇਸ ਸਬੰਧ ਵਿੱਚ ਸਪੀਕਰ ਵੱਲੋਂ ਪਹਿਲਾਂ ਵੀ ਖਹਿਰਾ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਨੇ ਲਏ ਨਹੀਂ ਸਨ, ਜਿਸ ਕਾਰਨ ਸਪੀਕਰ ਨੇ ਜਨਤਕ ਨੋਟਿਸ ਦੇਣ ਦਾ ਐਲਾਨ ਕੀਤਾ ਸੀ। ਉਪਰੰਤ ਬੀਤੇ ਦਿਨੀਂ ਖਹਿਰਾ ਖੁ਼ਦ ਵਿਧਾਨ ਸਭਾ ਪਹੁੰਚੇ ਸਨ ਅਤੇ ਹੁਣ ਉਨ੍ਹਾਂ ਨੂੰ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।

Real Estate