ਰਾਫੇਲ ਦੀ ਚੋਰੀ ਤੇ ‘ਦਿ ਹਿੰਦੂ’ ਅਖਬਾਰ ਖ਼ਿਲਾਫ਼ ਸਰਕਾਰ ਨੇ ਲਗਾਏ ਦੋਸ਼

567

ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ ਵਿਚੋਂ ਰਾਫਾਲ ਲੜਾਕੂ ਜਹਾਜ਼ ਸੌਦੇ ਨਾਲ ਸਬੰਧਤ ਦਸਤਾਵੇਜ਼ ਚੋਰੀ ਹੋ ਗਏ ਹਨ ਅਤੇ ‘ਦਿ ਹਿੰਦੂ’ ਅਖਬਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਲੇਖ ਛਾਪ ਕੇ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੂੰ ਅਟਾਰਨੀ ਜਨਰਲ ਕੇ।ਕੇ। ਵੇਣੂਗੋਪਾਲ ਨੇ ਦੱਸਿਆ ਕਿ ਜਿਨ੍ਹਾਂ ਨੇ ਰਾਫਾਲ ਸੌਦੇ ਬਾਰੇ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਹੈ, ਉਹ ਸਰਕਾਰੀ ਭੇਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਦਾਲਤ ਦੀ ਹੱਤਕ ਤਹਿਤ ਵੀ ਦੋਸ਼ੀ ਹਨ। ਅਟਾਰਨੀ ਜਨਰਲ ਨੇ ਦੱਸਿਆ ਕਿ ਦਸਤਾਵੇਜ਼ ਚੋਰੀ ਹੋਣ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਇਸ ਬੈਂਚ, ਜਿਸ ਵਿੱਚ ਜਸਟਿਸ ਐੱਸ।ਕੇ। ਕੌਲ ਅਤੇ ਜਸਟਿਸ ਕੇ।ਐੱਮ ਜੋਜ਼ੇਫ ਵੀ ਸ਼ਾਮਲ ਸਨ, ਵਲੋਂ ਆਪਣੇ 14 ਦਸੰਬਰ ਦੇ ਫ਼ੈਸਲੇ, ਜਿਸ ਵਿੱਚ ਭਾਰਤ ਵਲੋਂ ਫਰਾਂਸ ਨਾਲ ਕੀਤੇ ਸੌਦੇ ਬਾਰੇ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ ਗਈਆਂ ਸਨ, ਬਾਰੇ ਪਾਈਆਂ ਰੀਵਿਊ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਸਾਬਕਾ ਕੇਂਦਰੀ ਮੰਤਰੀਆਂ ਯਸ਼ਵੰਤ ਸਿਨਹਾ ਤੇ ਅਰੁਣ ਸ਼ੋਰੀ ਅਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੇ ਸਾਂਝੇ ਤੌਰ ’ਤੇ ਰੀਵਿਊ ਪਟੀਸ਼ਨ ਪਾਈ, ਨੇ ਦੋਸ਼ ਲਾਇਆ ਕਿ ਜਦੋਂ ਸੁਪਰੀਮ ਕੋਰਟ ਨੇ ਪਟੀਸ਼ਨਾਂ ਰੱਦ ਕੀਤੀਆਂ ਸਨ ਉਦੋਂ ਕੇਂਦਰ ਸਰਕਾਰ ਨੇ ਅਹਿਮ ਤੱਥਾਂ ਨੂੰ ਛੁਪਾ ਲਿਆ ਸੀ। ਜਦੋਂ ਭੂਸ਼ਣ ਨੇ ਐੱਨ ਰਾਮ ਵਲੋਂ ਲਿਖੇ ਲੇਖਾਂ ਦਾ ਜ਼ਿਕਰ ਕੀਤਾ ਤਾਂ ਵੇਣੂਗੋਪਾਲ ਨੇ ਕਿਹਾ ਕਿ ਇਹ ਲੇਖ ਚੋਰੀ ਹੋਏ ਦਸਤਾਵੇਜ਼ਾਂ ’ਤੇ ਆਧਾਰਿਤ ਸਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਚੋਰੀ ਹੋਈ ਦਸਤਾਵੇਜ਼ਾਂ ਸਬੰਧੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾ ਲੇਖ 8 ਫਰਵਰੀ ਨੂੰ ਛਪਿਆ ਸੀ ਅਤੇ ਬੁੱਧਵਾਰ (6 ਮਾਰਚ) ਨੂੰ ਛਪਿਆ ਦੂਜਾ ਲੇਖ ਅਦਾਲਤ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਛਾਪਿਆ ਗਿਆ ਹੈ, ਜੋ ਕਿ ਅਦਾਲਤ ਦੀ ਹੱਤਕ ਹੈ। ਉਨ੍ਹਾਂ ਰੀਵਿਊ ਪਟੀਸ਼ਨਾਂ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਖਬਾਰ ਨੇ ਦਸਤਾਵੇਜ਼ਾਂ ਤੋਂ ‘ਗੁਪਤ’ ਸ਼ਬਦ ਮਿਟਾ ਕੇ ਛਾਪਿਆ ਹੈ। ਬੈਂਚ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਜਦੋਂ ਉਹ ਇਹ ਦੋਸ਼ ਲਾ ਰਹੇ ਹਨ ਕਿ ਲੇਖ ਚੋਰੀ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਹਨ ਤਾਂ ਉਨ੍ਹਾਂ ਨੇ ਇਸ ਬਾਬਤ ਕੀ ਕੀਤਾ। ਇਸ ’ਤੇ ਵੇਣੂਗੋਪਾਲ ਨੇ ਕਿਹਾ ਕਿ ਰੱਖਿਆ ਮੰਤਰਾਲੇ ’ਚੋਂ ਦਸਤਾਵੇਜ਼ ਚੋਰੀ ਹੋਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਸਟਿਸ ਗੋਗੋਈ ਨੇ ਵੇਣੂਗੋਪਾਲ ਨੂੰ ਇਹ ਵੀ ਆਖਿਆ ਕਿ ਅਦਾਲਤ ਨੂੰ ਸੌਦੇ ਬਾਰੇ ਚੋਰੀ ਹੋਏ ਦਸਤਾਵੇਜ਼ਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਦੱਸਿਆ ਜਾਵੇ।
ਐਡਵੋਕੇਟ ਜਨਰਲ (ਏਜੀ) ਨੇ ਪਿਛਲੇ ਹਫ਼ਤੇ ਪਾਕਿਸਤਾਨ ਵਲੋਂ ਕੀਤੀ ਹਵਾਈ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਫ-16 ਲੜਾਕੂ ਜਹਾਜ਼ ਦੇ ਟਾਕਰੇ ਲਈ ਦੇਸ਼ ਨੂੰ ਰਾਫਾਲ ਜੈੱਟ ਦੀ ਲੋੜ ਹੈ।
ਬੈਂਚ ਵਲੋਂ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਕੀਤੀ ਜਾਵੇਗੀ। ਸੁਣਵਾਈ ਦੌਰਾਨ ਏਜੀ ਨੂੰ ਬੈਂਚ ਦੇ ਕਈ ਟੇਢੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰਾਫਾਲ ਜਹਾਜ਼ ਸੌਦੇ ਵਿੱਚ ਕੇਸ ਚਲਾਉਣ ਲਈ ਹੁਣ ਕਾਫੀ ਸਬੂਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਦੀ ਕਹਾਣੀ ਮੋਦੀ ਤੋਂ ਸ਼ੁਰੂ ਹੋ ਕੇ ਮੋਦੀ ਉੱਤੇ ਹੀ ਖਤਮ ਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਰਾਫਾਲ ਮਾਮਲੇ ਵਿੱਚ ਭ੍ਰਿਸ਼ਟਾਚਾਰ ਤੇ ਬੇਈਮਾਨੀ ਸਾਹਮਣੇ ਆ ਚੁੱਕੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਾਸੋ ਏਵੀਏਸ਼ਨ ਨੂੰ ਲਾਭ ਪਹੁੰਚਾਉਣ ਲਈ ਆਪਣੇ ਦਫਤਰ ਦੀ ਦੁਰਵਰਤੋਂ ਕੀਤੀ ਹੈ।

Real Estate