‘ਅਜ਼ਾਦ ਚਿੰਤਨ ਸਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ

3906
ਬਰੂਨੋ ਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਬੇ ਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ। ਇਨਕਾਰ ਕਰਨ ਤੇ ਉਸਦੇ ਸਰੀਰ ਤੇ ਤੇਲ ਪਾ ਕੇ ਜਿਉਂਦੇ ਨੂੰ ਸਾੜ ਕੇ ਸਹੀਦ ਕਰ ਦਿੱਤਾ।

Barunoਬਲਵਿੰਦਰ ਸਿੰਘ ਭੁੱਲਰ
ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸੱਦਦ ਝੱਲਣਾ ਪਿਐ ਤੇ ਲੋਕਾਂ ਨੂੰ ਵਹਿਮਾਂ ਭਰਮਾਂ ’ਚ ਪਾ ਕੇ ਆਪਣੇ ਮਗਰ ਲਾਉਣ ਵਾਲੇ ਕੂੜ ਦੇ ਪਹਿਰੇਦਾਰਾਂ ਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੇ ਉਹਨਾਂ ਨੂੰ ਜੁਲਮਾਨਾਂ ਮੌਤ ਨਾਲ ਖਤਮ ਕੀਤਾ ਹੈ, ਸ਼ਾਇਦ ਅਜਿਹੇ ਜਬਰ ਜ਼ੁਲਮ ਦੇਖ ਕੇ ਹੀ ਬਾਬਾ ਨਾਨਕ ਨੇ ਕਿਹਾ ਸੀ, ‘ਕੂੜ ਫਿਰੇ ਪਰਧਾਨ ਵੇ ਲਾਲੋ’ ਪਰ ਸੱਚ ਖਤਮ ਨਹੀਂ ਹੋਇਆ ਸਗੋਂ ਵਧਦਾ ਰਿਹੈ। ਅਜਿਹੇ ਜੁਲਮਾਂ ਦਾ ਸ਼ਿਕਾਰ ਦੁਨੀਆਂ ਦਾ ਮਹਾਨ ਫਿਲਾਸਫਰ ਤੇ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ ਵੀ ਹੋਇਆ ਹੈ, ਜਿਸਨੂੰ ਯਥਾਰਥ ਤੋਂ ਪਿੱਛੇ ਹਟਣ ਲਈ ਬਹੁਤ ਧਮਕਾਇਆ ਡਰਾਇਆ ਗਿਆ, ਪਰ ਉਸਨੇ ਸੱਚ ਨੂੰ ਨਹੀਂ ਤਿਆਗਿਆ ਤੇ ਜਿਉਂਦਿਆਂ ਸੜ ਕੇ ਮਰਨ ਨੂੰ ਕਬੂਲ ਕੀਤਾ।
1548 ਈਸਵੀ ਵਿੱਚ ਇਟਲੀ ਦੇ ਸ਼ਹਿਰ ਨੇਲਾ ਵਿੱਚ ਪਿਤਾ ਸੋਹਵਾਨੀ ਬਰੂਨੋ ਦੇ ਘਰ ਮਾਤਾ ਫਰਾਲੀਸਾ ਸੈਵੋਲੀਨੋ ਦੀ ਕੁੱਖੋਂ ਪੈਦਾ ਹੋਏ ਪੁੱਤਰ ਦਾ ਨਾਂ ਫਿਲਿਪੋ ਬਰੂਨੋ ਰੱਖਿਆ ਗਿਆ ਸੀ। ਬਚਪਨ ਚੋਂ ਨਿਕਲਦਿਆਂ ਉਸਨੇ ਨੇਪਲਜ਼ ਦੇ ਸੇਂਟ ਅਗਸਟੀਨ ਮੱਠ ਚੋਂ ਵਿੱਦਿਆ ਹਾਸਲ ਕੀਤੀ। ਅਤੇ ਸਤਾਰਾਂ ਸਾਲਾਂ ਦੀ ਉਮਰ ਵਿੱਚ ਉਹ ਕੈਥੋਲਿਕ ਸੰਤਾਂ ਦੇ ਡੋਮੀਨੀਕਨ ਫਿਰਕੇ ਵਿੱਚ ਸਾਮਲ ਹੋ ਗਿਆ, ਇਸ ਮੌਕੇ ਫਿਰਕੇ ਦੇ ਆਗੂਆਂ ਨੇ ਉਸਦਾ ਨਾਂ ਬਦਲ ਕੇ ਜਿਓਰਦਾਨੋ ਬਰੂਨੋ ਰੱਖ ਦਿੱਤਾ। ਉਸਨੇ ਕੈਥੋਲਿਕ ਫ਼ਲਸਫ਼ੇ ਤੇ ਧਰਮ ਦੇ ਖੇਤਰ ਵਿੱਚ ਕੰਮ ਕੀਤਾ ਤਾਂ ਉਸਦੀ ਵਿਦਵਤਾ ਨੂੰ ਦੇਖਦਿਆਂ ਫਿਰਕੇ ਨੇ 1572 ਵਿੱਚ ਉਸਨੂੰ ਪਾਦਰੀ ਨਿਯੁਕਤ ਕਰਕੇ ਬਣਦੇ ਕੋਰਸ ਵਿੱਚ ਦਾਖਲ ਕਰ ਲਿਆ, ਜਿੱਥੇ ਉਸਨੇ 1575 ਵਿੱਚ ਇਹ ਕੋਰਸ ਪੂਰਾ ਕੀਤਾ। ਇਸ ਸਮੇਂ ਦੌਰਾਨ ਉਸਨੂੰ ਧਾਰਮਿਕ ਖੇਤਰ ਵਿੱਚ ਫੈਲੇ ਅੰਧ ਵਿਸ਼ਵਾਸਾਂ ਤੇ ਗੈਰ ਵਿਗਿਆਨਕ ਧਾਰਨਾਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਅਤੇ ਉਹ ਲੋਕਾਂ ਨੂੰ ਦਲੀਲਾਂ ਨਾਲ ਅੰਧ ਵਿਸ਼ਵਾਸ ਤਿਆਗ ਕੇ ਧਰਮ ਦੇ ਅਸਲ ਫ਼ਲਸਫ਼ੇ ਨਾਲ ਜੁੜਣ ਦਾ ਪ੍ਰਚਾਰ ਕਰਨ ਲੱਗਾ।
ਬਰੂਨੋ ਹਰ ਗੱਲ ਤੇ ਵਿਚਾਰ ਨੂੰ ਤਰਕ ਤੇ ਵਿਗਿਆਨਕ ਢੰਗ ਨਾਲ ਦੇਖਦਾ। ਵਿਗਿਆਨਕ ਢੰਗ ਨਾਲ ਮਿਹਨਤ ਕਰਦਿਆਂ ਉਹ ਮਹਾਨ ਖਗੋਲ ਵਿਗਿਆਨੀ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋ ਗਿਆ, ਜਿਸਨੇ ਕਿਹਾ ਸੀ ਕਿ ਬ੍ਰਹਮੰਡ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਇਹ ਉਹ ਸਮਾਂ ਸੀ ਜਦੋਂ ਯੂਰਪ ਦੇ ਲੋਕ ਧਰਮ ਵਿੱਚ ਅੰਨਾਂ ਵਿਸ਼ਵਾਸ ਰਖਦੇ ਸਨ ਅਤੇ ਧਰਮ ਬ੍ਰਹਮੰਡ ਦਾ ਧੁਰਾ ਧਰਤੀ ਨੂੰ ਮੰਨਦਾ ਸੀ। ਬਰੂਨੋ ਦੇ ਕਾਰਪਨਿਕਸ ਦੇ ਵਿਚਾਰਾਂ ਨਾਲ ਸਹਿਮਤ ਹੋਣ ਤੇ ਉਸਦਾ ਵੀ ਵਿਰੋਧ ਸੁਰੂ ਹੋ ਗਿਆ, ਪਰ ਉਹ ਵਿਰੋਧ ਤੋਂ ਡਰਨ ਦੇ ਉਲਟ ਵਿਗਿਆਨਕ ਖੋਜਾਂ ਦੇ ਰਾਹ ਵਧਦਾ ਗਿਆ। ਉਸਨੇ ਕਾਰਪਨਿਕਸ ਤੋਂ ਵੀ ਅੱਗੇ ਵਧ ਕੇ ਕਿਹਾ ਕਿ ਅਕਾਸ਼ ਸਿਰਫ਼ ਓਨਾ ਹੀ ਨਹੀਂ ਜਿਨਾਂ ਸਾਨੂੰ ਦਿਖਾਈ ਦਿੰਦਾ ਹੈ, ਬਲਕਿ ਬਹੁਤ ਅਕਾਸ਼ ਹਨ।
ਸੌਰ ਮੰਡਲ ਬਾਰੇ ਬਰੂਨੋ ਨੇ ਕਿਹਾ ਕਿ ਹਰ ਤਾਰੇ ਦਾ ਆਪਣਾ ਪਰਿਵਾਰ ਹੈ ਜਿਵੇਂ ਧਰਤੀ ਦਾ, ਸੂਰਜ ਦੀ ਤਰਾਂ ਹਰ ਤਾਰਾ ਵੀ ਆਪਣੇ ਆਪਣੇ ਪਰਿਵਾਰ ਦਾ ਕੇਂਦਰ ਹੁੰਦਾ ਹੈ। ਉਸਨੇ ਬੜੀ ਦਲੇਰੀ ਨਾਲ ਸਪਸ਼ਟ ਕੀਤਾ ਕਿ ਧਰਤੀ ਹੀ ਨਹੀਂ ਸੂਰਜ ਵੀ ਆਪਣੇ ਧੁਰੇ ਦੁਆਲੇ ਘੁੰਮਦਾ ਹੈ। ਧਰਮ ਬਾਰੇ ਉਸਦਾ ਵਿਚਾਰ ਸੀ ਕਿ ਅਸਲ ਧਰਮ ਉਹ ਹੈ, ਜਿਸ ’ਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਧਰਮ ਬਾਰੇ ਖੁਲ ਕੇ ਚਰਚਾ ਕਰ ਸਕਣ। ਉਸਦਾ ਕਹਿਣਾ ਸੀ ਕਿ ਬਾਈਬਲ ਗੰ੍ਰਥ ਤੋਂ ਧਰਮ, ਲੋਕ ਭਲਾਈ ਤੇ ਨੈਤਿਕਤਾ ਦੀ ਸਿੱਖਿਆ ਤਾਂ ਲਈ ਜਾਵੇ ਪਰ ਵਿਗਿਆਨ ਨੂੰ ਵਿਗਿਆਨੀਆਂ ਲਈ ਛੱਡ ਦਿੱਤਾ ਜਾਵੇ। ਉਸਨੇ ਕਲਪਨਾ ਤੇ ਅਸਲੀਅਤ, ਇਤਿਹਾਸ ਤੇ ਮਿਥਿਹਾਸ, ਸੱਚ ਤੇ ਝੂਠ ਦਾ ਅੰਤਰ ਸਮਝਣ ਦੀ ਲੋੜ ਤੇ ਜੋਰ ਦਿੱਤਾ। ਉਸਨੇ ਬੜੀ ਦਲੇਰੀ ਨਾਲ ਕਿਹਾ ਕਿ ਧਰਮ ਸਿੱਧੇ ਸਾਧੇ ਲੋਕਾਂ ਨੂੰ ਆਪਣੇ ਕਬਜੇ ਵਿੱਚ ਰੱਖਣ ਦਾ ਇੱਕ ਸਾਧਨ ਬਣ ਚੁੱਕਾ ਹੈ।
ਬਰੂਨੋ ਦੇ ਇਹ ਵਿਚਾਰ ਧਾਰਮਿਕ ਲੋਕਾਂ ਨੂੰ ਹਜ਼ਮ ਨਹੀਂ ਸਨ ਹੋ ਰਹੇ, ਉਹਨਾਂ ਬਰੂਨੋ ਵਿਰੁੱਧ ਪ੍ਰਚਾਰ ਕਰਨਾ ਹੋਰ ਤੇਜ ਕਰ ਦਿੱਤਾ। ਧਾਰਮਿਕ ਆਗੂਆਂ ਤੇ ਉਹਨਾਂ ਦੇ ਸਹਾਰੇ ਸਤਾ ਭੋਗਣ ਵਾਲਿਆਂ ਨੇ ਬਰੂਨੋ ਤੇ ਝੂਠੇ ਮੁਕੱਦਮੇ ਬਣਾਏ ਅਤੇ ਕਰੀਬ ਅੱਠ ਸਾਲ ਉਸਨੂੰ ਜੇਲਾਂ ਵਿੱਚ ਰਹਿਣਾ ਪਿਆ। ਆਪਣੇ ਬਚਾਅ ਲਈ ਉਹ ਰੋਮ ਚਲਾ ਗਿਆ, ਉਥੇ ਵੀ ਉਸਤੇ ਦਬਾਅ ਪਾਇਆ ਗਿਆ ਕਿ ਉਹ ਬ੍ਰਹਮੰਡ ਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਧਰਮ ਦਾ ਆਗੂ ਬਣ ਕੇ ਕੰਮ ਕਰੇ, ਪਰ ਬਰੂਨੋ ਨੇ ਸੱਚ ਤੇ ਪਹਿਰਾ ਦੇਣ ਦਾ ਪ੍ਰਣ ਕਰ ਲਿਆ ਸੀ ਅਤੇ ਉਸ ਦੇ ਕ੍ਰਾਂਤੀਕਾਰੀ ਵਿਚਾਰਾਂ ਸਦਕਾ ਕੋਈ ਉਸਨੂੰ ਡੋਲਾਅ ਨਾ ਸਕਿਆ।
ਆਖ਼ਰ ਧਾਰਮਿਕ ਤੇ ਸੱਤਾਧਾਰੀਆਂ ਦੇ ਗੱਠਜੋੜ ਨੇ ਉਸ ਵਿਰੁੱਧ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਅਤੇ ਇੱਕ ਸਾਜਿਸ ਤਹਿਤ ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ। 17 ਫਰਵਰੀ 1600 ਨੂੰ ਉਸਨੂੰ ਰੋਮ ਦੇ ਕੈਂਪੋ ਡੀ ਫਿਓਰੀ ਚੌਂਕ ਵਿੱਚ ਲੋਕਾਂ ਦੇ ਸਾਹਮਣੇ ਇੱਕ ਖੰਬੇ ਤੇ ਪੁੱਠਾ ਲਟਕਾਇਆ ਗਿਆ ਅਤੇ ਆਪਣੇ ਵਿਚਾਰ ਵਾਪਸ ਲੈਣ ਲਈ ਆਖ਼ਰੀ ਮੌਕਾ ਦਿੱਤਾ। ਬਹਾਦਰ ਵਿਗਿਆਨੀ ਬਰੂਨੋ ਨੇ ਵਿਚਾਰ ਵਾਪਸ ਲੈਣ ਤੋਂ ਇਨਕਾਰ ਕਰਕੇ ਮੌਤ ਕਬੂਲਦਿਆਂ ਕਿਹਾ ਕਿ ਇੱਕ ਦਿਨ ਆਵੇਗਾ ਜਦ ਦੁਨੀਆਂ ਉਸਦੀ ਖੋਜ ਨੂੰ ਸੱਚ ਮੰਨੇਗੀ। ਇਸ ਉਪਰੰਤ ਬਰੂਨੋ ਦੇ ਸਰੀਰ ਤੇ ਤੇਲ ਪਾ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ।
ਉਸਦੀਆਂ ਲਿਖਤਾਂ ਤੇ ਪਾਬੰਦੀ ਲਾ ਦਿੱਤੀ ਗਈ ਜੋ 1966 ਤੱਕ ਲੱਗੀ ਰਹੀ। ਉਸਦੀ ਮੌਤ ਤੋਂ ਕਈ ਸਦੀਆਂ ਲੰਘਣ ਤੇ ਹੁਣ ਸਮੁੱਚੀ ਦੁਨੀਆਂ ਉਸਦੀ ਖੋਜ ਨੂੰ ਸਵੀਕਾਰ ਕਰਦੀ ਹੈ, ਉਸਦੇ ਵਿਚਾਰਾਂ ਨਾਲ ਸਹਿਮਤ ਹੋ ਚੁੱਕੀ ਹੈ। ਅੱਜ ਉਸਨੂੰ ਦੁਨੀਆਂ ਭਰ ਵਿੱਚ ‘ਅਜ਼ਾਦ ਚਿੰਤਨ ਸਹੀਦ’ ਤੇ ‘ਅਧੁਨਿਕ ਵਿਗਿਆਨੀ ਵਿਚਾਰਾਂ ਦਾ ਮੋਢੀ ਵਿਅਕਤੀ’ ਮੰਨਿਆਂ ਜਾਂਦਾ ਹੈ। ਬਰੂਨੋ ਦੀ ਸਹਾਦਤ ਤੋਂ ਕਰੀਬ ਤਿੰਨ ਸਦੀਆ ਬਾਅਦ ਉਸ ਚੌਂਕ ਵਿੱਚ ਉਸ ਖਗੋਲ ਵਿਗਿਆਨੀ ਦਾ ਬੁੱਤ ਲਾਇਆ ਗਿਆ ਸੀ, ਜਿੱਥੇ ਉਸਨੂੰ ਸਾੜ ਕੇ ਸਹੀਦ ਕੀਤਾ ਸੀ। ਇਹ ਚੌਂਕ ਅੱਜ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਭੁੱਲਰ ਹਾਊਸ, ਗਲੀ ਨੰ: 12
ਭਾਈ ਮਤੀ ਦਾਸ ਨਗਰ, ਬਠਿੰਡਾ
ਮੋਬਾ: 098882-75913

Real Estate