ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ

1741
Giani Santokh Singh
Giani Santokh Singh

ਗਿਆਨੀ ਸੰਤੋਖ ਸਿੰਘ
ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ। ਸ਼ਬਦ ਸੀ, “ਗੁਰ ਕੀ ਮੂਰਤਿ ਮਨ ਮਹਿ ਧਿਆਨੁ॥’ ਜਦੋਂ ਅੰਤਰੇ ਵਿਚ ਇਹ ਤੁਕ ਆਈ, “ਗੁਰ ਪ੍ਰਸਾਦਿ ਊਰਧ ਕਮਲ ਬਿਗਾਸ॥” ਤਾਂ ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ ‘ਊਰਧ‘ ਲਫ਼ਜ਼ ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ ‘ਸਾਂ’ ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ। ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ ‘ਆਰਟ’ ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ ‘ਊਰਧ’ ਨੂੰ ਬੋਲਣਾ ਹੈ। ਅਰਥਾਤ ‘ਊ’ ਅਤੇ ‘ਧ’ ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ ‘ਆਰਟ’ ਸ਼ਬਦ ਵਿਚ ਰ ਬੋਲਣੀ ਹੈ; ਏਥੇ ਵੀ ਰ ਨੂੰ ਉਸ ਰ ਵਾਂਙ ਹੀ ਬੋਲਣਾ ਹੈ। ਹੋਰ ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ।
ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ। ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ।
ਪੁਰਾਤਨ ਪੰਜਾਬੀ ਉਚਾਰਣ ਅਨੁਸਾਰ ਗੁਰਮੁਖੀ ਲਿੱਪੀ ਦੇ ਅੱਖਰ ਤਕਰੀਬਨ ਸੰਪੂਰਨ ਹਨ। ਪੰਜਾਬੀ ਭਾਸ਼ਾ ਹੋਰ ਕਿਸੇ ਵੀ ਲਿੱਪੀ ਵਿਚ ਗੁਰਮੁਖੀ ਨਾਲ਼ੋਂ ਵਧ ਢੁਕਵੇਂ ਤਰੀਕੇ ਨਾਲ਼ ਨਹੀਂ ਲਿਖੀ ਜਾ ਸਕਦੀ। ਪੰਜਾਬੀ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਸਿਰਫ਼ ਗੁਰਮੁਖੀ ਹੀ ਹੈ। ਜੇਹੜੀਆਂ ਆਵਾਜ਼ਾਂ ਪਹਿਲਾਂ ਪੰਜਾਬੀ ਬੋਲੀ ਵਿਚ ਨਹੀਂ ਸਨ ਤੇ ਬਾਅਦ ਵਿਚ ਅਰਬੀ, ਫ਼ਾਰਸੀ ਬੋਲੀਆਂ ਵਿਚੋਂ ਪੰਜਾਬੀ ਵਿਚ ਆਏ ਕੁਝ ਸ਼ਬਦਾਂ ਵਿਚਲੀਆਂ ਆਵਾਜ਼ਾਂ ਨੂੰ ਦਰਸਾਉਣ ਲਈ, ਉਹਨਾਂ ਦੇ ਨੇੜੇ ਤੇੜੇ ਬੋਲੇ ਜਾਣ ਵਾਲ਼ੇ ਅੱਖਰਾਂ ਦੇ ਪੈਰੀਂ ਬਿੰਦੀ ਲਾ ਕੇ, ਪੰਜ ਹੋਰ ਅੱਖਰਾਂ ਦਾ ਵਾਧਾ ਕੀਤਾ ਗਿਆ। ਫਿਰ ਪੰਜਾਬੀ ਦੇ ਇਕ ਹੋਰ ਅੱਖਰ ਲ ਦਾ ਤਾਲ਼ਵੀ ਉਚਾਰਣ ਵੀ ਹੁੰਦਾ ਹੈ ਜਿਸ ਨੂੰ ਪਹਿਲਾਂ ਗੁਰਮੁਖੀ ਵਿਚ ਨਹੀਂ ਸ਼ਾਮਲ ਕੀਤਾ ਗਿਆ ਸੀ ਪਰ ਅੱਧੀ ਕੁ ਸਦੀ ਪਹਿਲਾਂ, ਪਟਿਆਲ਼ੇ ਤੋਂ ਡਾ. ਗੁਰਚਰਨ ਸਿੰਘ ਨੇ, ਆਪਣੀ ਕਿਤਾਬ ‘ਆਧੁਨਿਕ ਪੰਜਾਬੀ ਲੇਖ’ ਦੀ ਭੂਮਿਕਾ ਵਿਚ, ਲ ਦੇ ਪੈਰ ਵਿਚ ਬਿੰਦੀ ਲਾ ਕੇ, ਇਸ ਨੂੰ ਲ਼ ਬਣਾ ਕੇ, ਵਰਤਣ ਦਾ ਸੁਝਾ ਦਿਤਾ ਜੋ ਕਿ ਮੇਰੇ ਖਿਆਲ ਵਿਚ ਓਵੇਂ ਹੀ ਇਹ ਗੱਲ ਜਚਦੀ ਹੈ ਜਿਵੇਂ ਦੂਜੇ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾ ਕੇ ਬਣਾਏ ਗਏ ਲੋੜੀਂਦੇ ਅੱਖਰਾਂ ਬਾਰੇ ਢੁਕਦੀ ਹੈ। ਪੰਜਾਬੀ ਵਿਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿਚ ਲ ਦਾ ਉਚਾਰਣ ਤਾਲ਼ੂ ਵਿਚ ਹੁੰਦਾ ਹੈ; ਉਦਾਹਰਣ ਵਜੋਂ: ਗਲ਼, ਮਲ਼, ਭਲ਼, ਹਲ਼, ਤਾਲ਼ੂ, ਕਚਾਲ਼ੂ, ਪੰਜਾਲ਼ੀ, ਜੂਲ਼ਾ, ਮੈਲ਼, ਮੇਲ਼, ਵਾਲ਼ਾ, ਕਾਲ਼ਾ, ਮਾਲ਼ਾ, ਸਾਲ਼ਾ, ਘਾਲ਼ਾ, ਭੰਬਲ਼ਭੂਸਾ ਆਦਿ। ਗੁਜਰਾਤੀ ਵਿਚ ਇਸ ਉਚਾਰਣ ਵਾਸਤੇ ਸੁਤੰਤਰ ਅੱਖਰ ਹੈ ਪਰ ਪੰਜਾਬੀ/ਹਿੰਦੀ ਵਿਚ ਨਹੀਂ। ਥੋਹੜੀ ਗਿਣਤੀ ਵਿਚ ਪੰਜਾਬੀ ਦੇ ਲਿਖਾਰੀ ਬਜਿਦ ਹਨ ਕਿ ਅਜਿਹਾ ਉਚਾਰਣ ਲੱਲੇ ਦੇ ਪੈਰ ਵਿਚ ੍ਹ ਲਾ ਕੇ ਲਿਖਣਾ ਚਾਹੀਦਾ ਹੈ, ਜੋ ਕਿ ਬਿਲਕੁਲ ਹੀ ਗ਼ਲਤ ਹੈ; ਕਿਉਂਕਿ ਜਦੋਂ ਅਸੀਂ ਗਲ਼ (ਗਲ਼ਾ) ਨੂੰ ਪੈਰੀਂ ੍ਹ ਲਾ ਕੇ ਲਿਖਾਂਗੇ ਤਾਂ ਉਹ ਗਲ੍ਹ ਬਣ ਜਾਵੇਗਾ, ਗਲ਼ ਨਹੀਂ। ਇਸ ਤਰ੍ਹਾਂ ਹੀ ਕੁਝ ਹੋਰ ਸ਼ਬਦਾਂ ਬਾਰੇ ਵੀ ਭੁਲੇਖਾ ਪੈ ਸਕਦਾ ਹੈ। ਇਸ ਲਈ ਲੱਲੇ ਦੇ ਪੈਰਾਂ ਵਿਚ ੍ਹ ਪਾ ਕੇ ਇਸ ਆਵਾਜ਼ ਨੂੰ ਪਰਗਟ ਕਰਨਾ ਕਤਈ ਗ਼ਲਤ ਤਰੀਕਾ ਹੈ।
ਫਿਰ ਮੁੜੀਏ ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰਲੇ ਆਰ ਰ ਵੱਲ। ਅੰਗ੍ਰੇਜ਼ੀ ਦੇ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਵਿਚਕਾਰ ਜਾਂ ਅੰਤ ਵਿਚ ਆਈ ਆਰ ਰ ਨੂੰ ਪੂਰਾ ਨਹੀਂ ਬੋਲਿਆ ਜਾਂਦਾ; ਜਿਵੇਂ ਕਿ ਆਰਟ, ਸਮਾਰਟ, ਚਾਰਟ, ਕਾਰਟ, ਪਾਰਟ, ਹਾਰਟ, ਕਾਰਡ ਆਦਿ ਪਰ ਉਹਨਾਂ ਨੇ ਅੰਗ੍ਰੇਜ਼ੀ ਦੀ ਵਰਣਮਾਲਾ ਵਿਚ ਅਜਿਹੀ ਆਵਾਜ਼ ਲਈ ਕੋਈ ਚਿੰਨ੍ਹ ਨਹੀਂ ਚਿਤਵਿਆ। ਉਹ ਖ਼ੁਦ ਹੀ ਜਾਣਦੇ ਹਨ ਕਿ ਇਸ ਰ ਦਾ ਪੂਰਾ ਉਚਾਰਣ ਕਿੱਥੇ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ।
ਇਸ ਤਰ੍ਹਾਂ ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਲ਼ ਨੂੰ ਵੀ ਉਹ ਪੂਰੀ ਤਰ੍ਹਾਂ ਨਹੀਂ ਬੋਲਦੇ; ਜਿਵੇਂ ਕਿ ਚਾਕ, ਵਾਕ, ਟਾਕ, ਚਾਈਲਡ, ਮਾਇਲਡ ਆਦਿ।
ਅੰਗ੍ਰੇਜ਼ਾਂ ਦੀ ਤਾਂ, “ਮਥਰਾ (ਈ) ਤੀਨ ਲੋਕ ਸੇ ਨਿਆਰੀ” ਹੈ। ਉਹ ਤਾਂ ਛੱਬੀ ਅੱਖਰਾਂ ਨਾਲ਼ ਹੀ ਤਕਰੀਬਨ ਅੱਧੀ ਦੁਨੀਆ ਨੂੰ ਗਧੀ ਗੇੜੇ ਪਾਈ ਫਿਰਦੇ ਹਨ।
ਅੰਗ੍ਰੇਜ਼ੀ ਸ਼ਬਦਾਂ ਨੂੰ ਹਿੰਦੀ ਵਿਚ ਲਿਖਣ ਸਮੇ, ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਰ ਵਾਲ਼ੇ ਥਾਂਵਾਂ ਤੇ ਪੂਰਾ ਰਾਰਾ ਲਿਖਣ ਦੇ ਥਾਂ, ਉਸ ਤੋਂ ਅਗਲੇ ਅੱਖਰ ਉਪਰ ਟੇਢੀ ਜਿਹੀ ਟਿੱਪੀ ਲਾ ਕੇ, ਇਕ ਚਿੰਨ੍ਹ ਬਣਾਇਆ ਜਾਂਦਾ ਹੈ ਤੇ ਸ਼ਬਦ ਦੇ ਵਿਚਕਾਰ ਆਉਣ ਵਾਲ਼ੇ ਪੂਰੇ ਲੱਲੇ ਦੀ ਥਾਂ ਅੱਧਾ ਲੱਲਾ ਵਰਤਿਆ ਜਾਂਦਾ ਹੈ। ਗੁਰਮੁਖੀ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਕੋਈ ਹਰਜ ਨਹੀਂ ਜੇ ਅਸੀਂ ਵੀ ਹਿੰਦੀ ਵਾਲ਼ੇ ਤਰੀਕੇ ਅਨੁਸਾਰ ਹੀ, ਓਸੇ ਟੇਢੀ ਜਿਹੀ ਟਿੱਪੀ ਨੂੰ ਵਰਤ ਕੇ, ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰ ਆਉਣ ਵਾਲ਼ੇ ‘ਰ’ ਨੂੰ ਦਰਸਾ ਸਕੀਏ।
ਪਿਛਲੀਆਂ ਦੋ ਸਦੀਆਂ ਦੇ ਸਮੇ ਦੌਰਾਨ ਅੰਗ੍ਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਵਿਚ ਘੁਲ਼ ਮਿਲ਼ ਗਏ ਹਨ ਜਿਵੇਂ ਕਿ ਅਰਬੀ, ਫ਼ਾਰਸੀ ਆਦਿ ਦੇ ਪਹਿਲਾਂ ਹੀ ਪੰਜਾਬੀ ਵਿਚ ਮੌਜੂਦ ਹਨ ਤੇ ਉਹ ਹੁਣ ਪੰਜਾਬੀ ਦੇ ਹੀ ਬਣ ਚੁੱਕੇ ਹਨ; ਉਹਨਾਂ ਨੂੰ ਕੋਈ ਵਖਰਿਆ ਨਹੀਂ ਸਕਦਾ। ਜਿਵੇਂ ਕਿ ਟੈਸ, ਮੈਸ, ਟੈਲ, ਐਸ, ਗੈਸ, ਹੈਲ, ਚੈਕ, ਪੈਗ, ਵੈਬ, ਬੈਡ ਆਦਿ। ਇਹਨਾਂ ਸਾਰੇ ਸ਼ਬਦਾਂ ਦੇ ਪਹਿਲੇ ਅੱਖਰ ਉਪਰਲੀਆਂ ਦੋਲਾਵਾਂ ਦੇ ਨਾਲ਼ ਅੱਧਕ ਵੀ ਬੋਲਦਾ ਹੈ ਪਰ ਪੰਜਾਬੀ ਲਿਖਤ ਵਿਚ ਜੇ ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ ਦੇ ਨਾਲ਼ ਅੱਧਕ ਜਾਂ ਟਿੱਪੀ ਲੱਗੀ ਹੋਈ ਹੋਵੇ ਤਾਂ ਉਹ ਸ਼ਬਦ ਦੇ ਲਿਖਤੀ ਰੂਪ ਦੀ ਸੋਭਾ ਘਟਾਉਂਦੀ ਹੈ। ਸ਼ਾਇਦ ਏਸੇ ਕਰਕੇ ਹੀ ਸਿਆਣਿਆਂ ਨੇ ਸ਼ੁਰੂ ਵਿਚ ੳ ਉਪਰ ਅੱਧਕ ਜਾਂ ਟਿਪੀ ਲਾਉਣੀ ਯੋਗ ਨਹੀਂ ਸੀ ਸਮਝੀ। ਜਦੋਂ ਕਿ ਬਾਕੀ ਅੱਖਰਾਂ ਦੇ ਔਂਕੜ, ਦੁਲੈਂਕੜੇ, ਸਿਹਾਰੀ ਆਦਿ ਨਾਲ਼ ਟਿੱਪੀ ਲਾਈ ਜਾਂਦੀ ਹੈ ਪਰ ਜਦੋਂ ੳ ਦੀ ਵਾਰੀ ਆਉਂਦੀ ਹੈ ਤਾਂ ਉਸ ਨਾਲ਼ ਟਿੱਪੀ ਦੇ ਥਾਂ ਬਿੰਦੀ ਹੀ ਲਾਈ ਜਾਂਦੀ ਹੈ; ਟਿੱਪੀ ਨਹੀਂ ਲਾਈ ਜਾਂਦੀ। ਇਸ ਕਰਕੇ ਅੰਗ੍ਰੇਜ਼ੀ ਦੇ ਅਜਿਹੇ ਸ਼ਬਦਾਂ ਵਿਚ ਅੱਧਕ ਬੋਲਣ ਦੇ ਬਾਵਜੂਦ ਵੀ ਲਿਖਤ ਵਿਚ ਲੱਗਾ ਹੋਇਆ ਸੋਭਦਾ ਨਹੀਂ। ਇਸ ਲਈ ਪੰਜਾਬੀ ਵਿਚ ਇਸ ਭਾਵ ਨੂੰ ਦਰਸਾਉਣ ਲਈ ਇਕ ਨਵਾਂ ਚਿੰਨ੍ਹ ਸਿਰਜਣ ਦੀ ਲੋੜ ਹੈ। ਮੇਰੇ ਖਿਆਲ ਵਿਚ ਜੇ ਦੁਲਾਵਾਂ ਦਾ ਪਿਛਲਾ ਅੰਤ ਆਪਸ ਵਿਚ ਜੋੜ ਕੇ, ਅਜਿਹਾ ਚਿੰਨ੍ਹ ਸਿਰਜ ਲਿਆ ਜਾਵੇ ਤਾਂ ਇਸ ਵਿਚ ਕੋਈ ਹਰਜ ਨਹੀਂ; ਜਾਂ ਫਿਰ ਵਿਦਵਾਨ ਸੱਜਣ ਕੋਈ ਹੋਰ ਤਰੀਕਾ ਵਰਤ ਲੈਣਾ ਵੀ ਯੋਗ ਸਮਝ ਸਕਦੇ ਹਨ।
ਇਹਨੀਂ ਦਿਨੀਂ ਪੰਜਾਬੀ ਪੱਤਰਕਾਰੀ ਵਿਚ ਬਹੁਤ, ਥਾਂਵਾਂ ਤੇ ੳ ਉਪਰ ਵੀ ਅੱਧਕ ਲਾ ਕੇ, ਸ਼ਬਦ ਦੇ ਲਿਖਤੀ ਸਰੂਪ ਨੂੰ ਵਿਗਾੜਿਆ ਜਾਂਦਾ ਹੈ।
ਫਿਰ ਅੰਗ੍ਰੇਜ਼ੀ ਭਾਸ਼ਾ ਵਿਚ ਕਨੌੜੇ ਤੇ ਕੰਨੇ ਦੇ ਵਿਚਕਾਰਲੀ ਇਕ ਆਵਾਜ਼ ਹੈ; ਜਿਵੇਂ ਕਿ ਡੌਟ, ਸ਼ੌਪ, ਸਟੌਪ, ਨੌਲਜ, ਕੌਲਜ ਆਦਿ। ਇਹ ਆਵਾਜ਼ ਪਹਿਲਾਂ ਹਿੰਦੀ/ਪੰਜਾਬੀ ਵਿਚ ਨਹੀਂ ਸੀ ਹੁੰਦੀ। ਹਿੰਦੀ ਵਾਲ਼ਿਆਂ ਨੇ ਚਿਰੋਕਣਾ ਹੀ ਇਸ ਦਾ ਹੱਲ ਕਢ ਲਿਆ ਹੋਇਆ ਹੈ। ਉਹ ਕੰਨੇ ਦੇ ਉਪਰ ਅੱਧਕ ਲਾ ਕੇ, ਇਸ ਆਵਾਜ਼ ਨੂੰ ਦਰਸਾ ਦਿੰਦੇ ਹਨ। ਇਸ ਲਈ ਸਾਨੂੰ ਇਹ ਕੰਨੇ ਉਪਰ ਅੱਧਕ ਲਾਉਣ ਵਾਲ਼ਾ, ਸੌਖਾ ਜਿਹਾ ਤਰੀਕਾ ਹੀ ਅਪਨਾ ਲੈਣਾ ਚਾਹੀਦਾ ਹੈ।
ਯਾਦ ਰਹੇ ਕਿ ਬੋਲੀ, ਲਿੱਪੀ ਗੁਰਬਾਣੀ ਵਾਂਙ ਕੋਈ “ਖਸਮ ਕੀ ਬਾਣੀ” ਨਹੀਂ ਹੈਗੀਆਂ ਕਿ ਸਮੇ ਸਮੇ, ਲੋੜ ਅਨੁਸਾਰ ਇਹਨਾਂ ਵਿਚ ਉਚਾਰਣ ਨੂੰ ਮੁਖ ਰੱਖ ਕੇ, ਵਾਧਾ ਘਾਟਾ ਜਾਂ ਸੁਧਾਰ ਨਹੀਂ ਹੋ ਸਕਦਾ ਬਲਕਿ ਸਮੇ ਸਮੇ ਇਹਨਾਂ ਵਿਚ ਵਾਧੇ ਤੇ ਸੁਧਾਰ ਹੁੰਦੇ ਆਏ ਹਨ। ਸਭ ਤੋਂ ਪਹਿਲਾਂ ਇਸ ਵਿਚ ਸੁਧਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਂਰਾਜ ਨੇ ਕੀਤਾ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਇਸ ਲਿੱਪੀ ਵਿਚ ਲਿਖਵਾਇਆ ਜਿਸ ਕਰਕੇ ਇਸ ਦਾ ਨਾਂ ਗੁਰਮੁਖੀ ਪ੍ਰਸਿਧ ਹੋਇਆ। ਕੁਝ ਸੱਜਣਾਂ ਨੇ ਇਉਂ ਵੀ ਸਮਝ ਲਿਆ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ ਤੇ ਇਸ ਲਈ ਹੀ ਇਹਨਾਂ ਨੂੰ ਗੁਰਮੁਖੀ ਆਖਿਆ ਜਾਂਦਾ ਹੈ। ਖੋਜੀਆਂ ਨੇ ਸਾਬਤ ਕਰ ਦਿਤਾ ਹੈ ਕਿ ਅਜਿਹੇ ਜਾਂ ਇਹਨਾਂ ਨਾਲ਼ ਮਿਲਦੇ ਜੁਲਦੇ ਅੱਖਰ ਬ੍ਰਹਮੀ, ਸ਼ਾਰਦਾ, ਟਾਕਰੀ, ਮਹਾਜਨੀ ਆਦਿ ਲਿੱਪੀਆਂ ਵਿਚ, ਗੁਰੂ ਸਾਹਿਬਾਨ ਤੋਂ ਪਹਿਲਾਂ ਹੀ ਮੌਜੂਦ ਸਨ। ਦੂਜੇ ਗੁਰੂ ਜੀ ਤੋਂ ਪਹਿਲਾਂ ਇਹਨਾਂ ਅੱਖਰਾਂ ਦੀ ਮੌਜੂਦਗੀ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਮਿਲ਼ਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਅੰਦਰ ‘ਪੱਟੀ ਲਿਖੀ’ (ਪੰਨਾ 432) ਨਾਮੀ ਬਾਣੀ ਜੋ ਲਿਖੀ ਹੈ ਉਸ ਵਿਚ ਇਹ ਅੱਖਰ ਵਰਤੇ ਹਨ। ਇਸ ਦੇ ਨਾਲ਼ ਲੱਗਵੀਂ ਹੀ, ਪੰਨਾ 434 ਉਪਰ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ‘ਪਟੀ’ ਵੀ ਦਰਜ ਹੈ। ਫਿਰ ਪਹਿਲੇ ਗੁਰੂ ਜੀ ਦੇ ਸਮਕਾਲੀ ਭਗਤ ਕਬੀਰ ਜੀ ਨੇ ਵੀ ਗਉੜੀ ਰਾਗ ਅੰਦਰ ਉਚਾਰੀ ‘ਬਾਵਨ ਅੱਖਰੀ’ ਨਾਮੀ ਬਾਣੀ, ਜੋ ਪੰਨਾ 340 ਉਪਰ ਅੰਕਤ ਹੈ, ਵਿਚ ਵੀ ਗੁਰਮੁਖੀ ਅੱਖਰਾਂ ਨੂੰ ਹੀ ਵਰਤਿਆ ਹੈ। ਯਾਦ ਰਹੇ ਕਿ ਸੰਸਕ੍ਰਿਤ ਦੀ ਲਿੱਪੀ ਦੇ ਬਵੰਜਾ ਅੱਖਰ ਹੁੰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਕਾਂਸ਼ੀ ਵਿਚ ਰਹਿਣ ਵਾਲ਼ੇ ਭਗਤ ਕਬੀਰ ਜੀ ਵੀ ਗੁਰਮੁਖੀ ਵਾਲ਼ੇ ਅੱਖਰਾਂ ਦਾ ਹੀ ਵਰਨਣ ਕਰਦੇ ਹਨ, ਜੋ ਕਿ ਇਕ ੜ ਅਤੇ ੲ ਨੂੰ ਛੱਡ ਕੇ, ਬਾਕੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਙ ਹੀ ਅਜੋਕੀ ਗੁਰਮੁਖੀ ਲਿੱਪੀ ਦੇ ਅੱਖਰ ਹਨ। ਹਾਂ, ਇਹ ਗੱਲ ਜਰੂਰ ਹੈ ਕਿ ਮੌਜੂਦਾ ਤਰਤੀਬ ਇਹਨਾਂ ਅੱਖਰਾਂ ਨੂੰ, ਦੂਜੇ ਗੁਰੂ ਜੀ ਨੇ ਹੀ ਦੇ ਕੇ, ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ।
ਇਹਨਾਂ ਅੱਖਰਾਂ ਨੂੰ ‘ਸੇਕਰਡ ਕਾਉ’ (ਪਵਿਤਰ ਗਊ) ਬਣਾ ਕੇ, ਸੰਸਕ੍ਰਿਤ ਵਾਂਙ, ਮਨੁਖੀ ਸਮੂੰਹ ਦੀ ਸਮਝੋਂ ਬਾਹਰ ਕਰਕੇ, ਵਾਧੂ ਭੰਬਲ਼ਭੂਸੇ ਪੈਦਾ ਕਰਨ ਦੀ ਕੋਈ ਲੋੜ ਨਹੀਂ। ਬੋਲੀ ਇਕ ਮਨੁਖ ਦਾ ਗਿਆਨ ਦੂਜੇ ਮਨੁਖ/ਮਨੁਖਾਂ ਤੱਕ ਬੋਲ ਕੇ ਪੁਚਾਉਣ ਦਾ ਕੇਵਲ ਸਾਧਨ ਮਾਤਰ ਹੈ ਅਤੇ ਲਿੱਪੀ ਇਸ ਗਿਆਨ ਨੂੰ ਲਿਖਤ ਵਿਚ ਲਿਆਉਣ ਦਾ ਵਸੀਲਾ; ਇਸ ਕਰਕੇ ਸਮੇ ਦੀ ਲੋੜ ਅਨੁਸਾਰ ਜੇ ਗੁਰਮੁਖੀ ਲਿੱਪੀ ਵਿਚ ਇਹਨਾਂ ਤਿੰਨ ਚਿੰਨ੍ਹਾਂ ਦਾ ਹੋਰ ਵਾਧਾ ਕਰ ਲਿਆ ਜਾਵੇ ਤਾਂ ਇਹ ਸੰਪੂਰਨਤਾ ਵੱਲ ਇਕ ਹੋਰ ਕਦਮ ਹੋਵੇਗਾ ਨਾ ਕਿ ਕੋਈ ਪਾਪ ਕਰਮ।
ਇਸ ਪ੍ਰਥਾਇ ਵਿਦਵਾਨਾਂ ਦੇ ਵਿਚਾਰਾਂ ਦਾ ਸਵਾਗਤ ਹੈ।

Real Estate