SIT ਨੇ ਲੰਮਾ ਸਮਾਂ ਰਿੜਕਿਆ ਸਾਬਕਾ SSP ਸ਼ਰਮਾ

659

ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਏਡੀਜੀਪੀ ਪ੍ਰਬੋਧ ਕੁਮਾਰ ਤੇ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਤੋਂ ਫ਼ਰੀਦਕੋਟ ਦੇ ਥਾਣਾ ਸਦਰ ਵਿੱਚ ਪੰਜ ਘੰਟੇ ਲੰਬੀ ਪੁੱਛਗਿੱਛ ਕੀਤੀ ਹੈ। ਸ਼ਰਮਾ 4 ਫਰਵਰੀ ਤੱਕ ਪੁਲੀਸ ਰਿਮਾਂਡ ਤੇ ਹੈ। ਖ਼ਬਰਾਂ ਅਨੁਸਾਰ ਜਾਂਚ ਟੀਮ ਨੇ ਚਰਨਜੀਤ ਸ਼ਰਮਾ ਨੂੰ ਸਵਾਲਾਂ ਦੀ ਝੜੀ ਲਾਈ ਹੋਈ ਹੈ।
ਵਿਸ਼ੇਸ਼ ਜਾਂਚ ਟੀਮ ਨੇ ਆਪਣੇ ਕੈਂਪ ਦਫ਼ਤਰ ਵਿੱਚ ਬਹਿਬਲ ਕਾਂਡ ਨਾਲ ਜੁੜੇ ਪੰਜ ਗਵਾਹਾਂ ਦੇ ਵੀ ਬਿਆਨ ਕਲਮਬੰਦ ਕੀਤੇ, ਜਿਨ੍ਹਾਂ ਵਿੱਚ ਬੇਅੰਤ ਸਿੰਘ ਵਾਸੀ ਬਹਿਬਲ ਕਲਾਂ ਅਤੇ ਬਲਦੀਪ ਸਿੰਘ ਕੋਟਲਾ ਮੇਹਰ ਸਿੰਘ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਜਾਂਚ ਟੀਮ ਮੁਕੱਦਮੇ ਨਾਲ ਜੁੜੇ ਬਹੁਤੇ ਤੱਥਾਂ ਨੂੰ ਗੁਪਤ ਹੀ ਰੱਖ ਰਹੀ ਹੈ।
ਜਾਂਚ ਟੀਮ ਵੱਲੋਂ ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦਾ ਰਿਮਾਂਡ ਹਾਸਲ ਕਰਨ ਲਈ ਅਦਾਲਤ ‘ਚ ਦਿੱਤੀ ਗਈ ਅਰਜ਼ੀ ਵਿੱਚ ਕੋਈ ਵੀ ਤੱਥ ਨਹੀਂ ਲਿਖਿਆ। ਹਾਲਾਂਕਿ ਜ਼ੁਬਾਨੀ ਤੌਰ ‘ਤੇ ਜਾਂਚ ਟੀਮ ਨੇ ਦਾਅਵਾ ਕੀਤਾ ਕਿ ਗੋਲੀ ਚਲਾਉਣ ਵੇਲੇ ਵਰਤੇ ਗਏ ਹਥਿਆਰਾਂ ਅਤੇ ਮੌਕੇ ‘ਤੇ ਤਾਇਨਾਤ ਨਫ਼ਰੀ ਬਾਰੇ ਇਸ ਅਧਿਕਾਰੀ ਤੋਂ ਜਾਣਕਾਰੀ ਹਾਸਲ ਕਰਨੀ ਹੈ।
ਬਹਿਬਲ ਕਾਂਡ ਵਿਚ ਘਿਰੇ ਦੋ ਹੋਰ ਪੁਲੀਸ ਅਧਿਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਉਸ ਸਮੇਂ ਦੇ ਐੱਸਪੀ ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਸਥਾਨਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾਈ ਜਾਵੇ। ਸੈਸ਼ਨ ਜੱਜ ਹਰਪਾਲ ਸਿੰਘ ਨੇ ਹਾਲ ਦੀ ਘੜੀ ਪੁਲੀਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਨਹੀਂ ਲਾਈ ਅਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜ਼ਮਾਨਤ ਦੀ ਸੁਣਵਾਈ 30 ਜਨਵਰੀ ’ਤੇ ਪਾ ਦਿੱਤੀ ਹੈ।
ਜਾਂਚ ਟੀਮ ਦੇ ਮੁਖੀ ਤੇ ਏਡੀਜੀਪੀ ਪਰਬੋਧ ਕੁਮਾਰ ਨੇ ਕਿਹਾ ਕਿ ਜਾਂਚ ਦੌਰਾਨ ਸਾਬਕਾ ਜਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਵੱਲੋਂ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਪੜਤਾਲ ਬਹੁਤ ਜਲਦੀ ਮੁਕੰਮਲ ਹੋ ਰਹੀ ਹੈ ਅਤੇ ਇਸ ਦੀ ਰਿਪੋਰਟ ਅਦਾਲਤ ਵਿੱਚ ਸੌਂਪੀ ਜਾਵੇਗੀ।

Real Estate