ਪੰਜ ਸਤੰਬਰ ਦੀ ਉਹ ਕੁਲਹਿਣੀ ਰਾਤ

397
ਪ੍ਰਿੰ. ਸਰਵਣ ਸਿੰਘ

5 ਸਤੰਬਰ 1965 ਦੀ ਰਾਤ ਮੇਰੇ ਚੇਤੇ ’ਚ ਪੱਕੀ ਤਰ੍ਹਾਂ ਉੱਕਰੀ ਪਈ ਹੈ। ਦਿਨ ਛਿਪਦਿਆਂ ਅਚਾਨਕ ਗੋਲਾਬਾਰੀ ਹੋਣ ਲੱਗ ਪਈ ਸੀ। ਬਿਜਲੀ ਦੀ ਕੜਕ ਵਰਗੀ ਆਵਾਜ਼ ਸੀ ਤੋਪਾਂ ਦੀ। ਸੁਲੇਮਾਨਕੀ ਸੜਕ ਉਤੇ ਸਾਈਕਲ ’ਤੇ ਜਾਂਦਾ ਮੈਂ ਤਹਿਕ ਕੇ ਡਿੱਗ ਪਿਆ ਸਾਂ। ਮੇਰੇ ਮੂਹਰੇ ਜਾਂਦੇ ਇਕ ਹੋਰ ਸਾਈਕਲ ਸਵਾਰ ਨਾਲ ਵੀ ਇਹੋ ਕੁਝ ਹੋਇਆ ਸੀ। ਇਸ ਘਟਨਾ ਨੂੰ ਭਾਵੇਂ ਪੰਜਾਹ ਸਾਲ ਹੋ ਗਏ ਹਨ ਪਰ ਲਗਦਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਇਸੇ ਲੲੀ ਹਰ ਵਾਰ ਪੰਜ ਸਤੰਬਰ ਨੂੰ ਇਹ ਯਾਦ ਆ ਜਾਂਦੀ ਹੈ।  ਮੈਨੂੰ ਦਿੱਲੀ ਬੈਠੇ ਨੂੰ ਚਿੱਠੀ ਆਈ ਕਿ ਪ੍ਰੋ. ਗੁਰਬਖ਼ਸ਼ ਸਿੰਘ ਸੱਚਦੇਵ ਐੱਮ. ਆਰ. ਕਾਲਜ ਫਾਜ਼ਿਲਕਾ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਜਾ ਰਹੇ ਹਨ। ਮੈਂ ਉਨ੍ਹਾਂ ਦੀ ਥਾਂ ਲੈਕਚਰਾਰ ਲੱਗਣ ਲਈ ਅਰਜ਼ੀ ਦੇਵਾਂ। ਫਾਜ਼ਿਲਕਾ ਦੇ ਕਾਲਜ ਨਾਲ ਮੈਨੂੰ ਮੋਹ ਸੀ ਕਿਉਂਕਿ ਮੈਂ ਉਥੇ ਚਾਰ ਸਾਲ ਪੜਿ੍ਹਆ ਸਾਂ। ਪ੍ਰੋ. ਸੱਚਦੇਵ ਮੇਰੇ ਅਧਿਆਪਕ ਸਨ ਜਿਨ੍ਹਾਂ ਨੇ ਮੈਨੂੰ ਲਿਖਣ ਦੀ ਚੇਟਕ ਲਾਈ ਸੀ। ਬੇਸ਼ਕ ਮੇਰਾ ਦਿੱਲੀ ਦੇ ਇਕ ਕਾਲਜ ਵਿਚ ਲੈਕਚਰਾਰ ਲੱਗਣ ਦਾ ਜੁਗਾੜ ਬਣ ਰਿਹਾ ਸੀ, ਫਿਰ ਵੀ ਮੈਂ ਅਰਜ਼ੀ ਦੇਣ ਫਾਜ਼ਿਲਕਾ ਕੋਲ ਆਪਣੀ ਭੂਆ ਦੇ ਪਿੰਡ ਕੋਠੇ ਚਲਾ ਗਿਆ। ਇਸ ਨਿੱਕੇ ਜਿਹੇ ਪਿੰਡ ਵਿਚ ਮੈਂ ਸੱਤ ਅੱਠ ਸਾਲ ਰਿਹਾ ਸਾਂ ਅਤੇ ਫਾਜ਼ਿਲਕਾ ਦੇ ਡੀ.ਏ.ਵੀ. ਸਕੂਲ ਤੋਂ ਤਿੰਨ ਜਮਾਤਾਂ ਤੇ ਐੱਮ.ਆਰ. ਕਾਲਜ ਤੋਂ ਬੀ.ਏ. ਤਕ ਪੜਿਆ ਸਾਂ। ਫਾਜ਼ਿਲਕਾ ਮੈਨੂੰ ਆਪਣਾ ਸ਼ਹਿਰ ਲੱਗਦਾ ਸੀ। ਆਪਣੇ ਪੁਰਾਣੇ ਜਮਾਤੀਆਂ ਨੂੰ ਮਿਲ ਕੇ ਮੈਨੂੰ ਖੁਸ਼ੀ ਹੋ ਰਹੀ ਸੀ। ਦਿੱਲੀ ਨੂੰ ਮੈਂ ਚਿੱਠੀਆਂ ਲਿਖੀ ਜਾਂਦਾ ਸਾਂ।

5 ਸਤੰਬਰ ਦੀ ਸ਼ਾਮ ਨੂੰ ਐੱਮ. ਆਰ. ਕਾਲਜ ਦੀ ਟੀਮ ਦਾ ਬੀ. ਐੱਸ. ਐੱਫ. ਦੀ ਟੀਮ ਨਾਲ ਹਾਕੀ ਦਾ ਮੈਚ ਸੀ। 1960-61 ਵਿਚ ਮੈਂ ਕਾਲਜ ਦੀ ਹਾਕੀ ਟੀਮ ਦਾ ਕਪਤਾਨ ਸਾਂ। ਹਾਕੀ ਵਾਲੇ ਮੁੰਡਿਆਂ ਨੇ ਮੈਨੂੰ ਵੀ ਮੈਚ ਖੇਡਣ ਲਈ ਸੱਦ ਲਿਆ। ਮੈਂ ਕੋਠੇ ਤੋਂ ਸਾਈਕਲ ਉਤੇ ਕਾਲਜ ਦੇ ਹੋਸਟਲ ਵਿਚ ਪਹੁੰਚਿਆ। ਉਥੇ ਟੀਮ ਮੈਨੂੰ ਉਡੀਕ ਰਹੀ ਸੀ ਪਰ ਬੀ. ਐੱਸ. ਐੱਫ. ਦਾ ਸੁਨੇਹਾ ਆ ਗਿਆ ਕਿ ਅੱਜ ਮੈਚ ਨਹੀਂ ਹੋਵੇਗਾ। ਖਿਡਾਰੀ ਆਪੋ ਆਪਣੇ ਘਰਾਂ ਨੂੰ ਜਾਣ ਲੱਗ ਪਏ। ਤਦੇ ਇਕ ਪਾਕਿਸਤਾਨੀ ਹਵਾਈ ਜਹਾਜ਼ ਨੇ ਫਾਜ਼ਿਲਕਾ ਸ਼ਹਿਰ ਉਤੋਂ ਦੀ ਬਹੁਤ ਨੀਵਾਂ ਹੋ ਕੇ ਚੱਕਰ ਲਾਇਆ। ਇੰਜ ਲੱਗਾ ਜਿਵੇਂ ਘੰਟਾ ਘਰ ਨਾਲ ਘਸਰ ਕੇ ਲੰਘਿਆ ਹੋਵੇ। ਜਹਾਜ਼ ਦੀ ਤਿੱਖੀ ਗੂੰਜਵੀਂ ਆਵਾਜ਼ ਨਾਲ ਲੋਕਾਂ ਦੇ ਦਿਲ ਦਹਿਲ ਗਏ। ਅਸੀਂ ਸ਼ਹਿਰ ਦਾ ਚੱਕਰ ਲਾਉਣ ਚੱਲ ਪਏ। ਹਰ ਜਗ੍ਹਾ ਜਿਥੇ ਵੀ ਚਾਰ ਬੰਦੇ ਖੜ੍ਹੇ ਸਨ, ਸਭ ਉਸ ਜਹਾਜ਼ ਦੀਆਂ ਗੱਲਾਂ ਕਰ ਰਹੇ ਸਨ। ਖ਼ੌਫ਼ ਦਾ ਮਾਹੌਲ ਬਣ ਗਿਆ ਸੀ ਪਰ ਇਹ ਗੱਲ ਕਿਸੇ ਦੇ ਖ਼ਵਾਬ ਖਿਆਲ ਵਿਚ ਨਹੀਂ ਸੀ ਕਿ ਅੱਜ ਹੀ ਹਮਲਾ ਹੋ ਜਾਵੇਗਾ।
ਪਾਕਿਸਤਾਨ ਦੇ ਸਦਰ, ਫੀਲਡ ਮਾਰਸ਼ਲ ਅਯੂਬ ਖਾਂ ਨੇ ਉਸੇ ਦਿਨ ਰੇਡੀਓ ਪਾਕਿਸਤਾਨ ਤੋਂ ਭਾਰਤ ਨੂੰ ਧਮਕੀ ਦਿੱਤੀ ਸੀ। ਹਨੇਰਾ ਹੋਣ ਤੋਂ ਪਹਿਲਾਂ ਹੀ ਮੈਂ ਪਿੰਡ ਪਹੁੰਚਣਾ ਮੁਨਾਸਬ ਸਮਝਿਆ। ਦਿਨ ਡੁੱਬ ਰਿਹਾ ਸੀ, ਪਾਕਪਟਨ/ ਮਿੰਟਗੁਮਰੀ ਨੂੰ ਜਾਂਦੀ ਸੁਲੇਮਾਨਕੀ ਸੜਕ ਉਤੇ ਛਿਪਦੇ ਸੂਰਜ ਦੀ ਲਾਲੀ ਲਿਸ਼ਕ ਰਹੀ ਸੀ। ਮੀਲ ਪੱਥਰਾਂ ਉਤੇ ਉਦੋਂ ਮਿੰਟਗੁਮਰੀ ਤੇ ਮੁਲਤਾਨ ਦੇ ਨਾਂ ਲਿਖੇ ਹੋਏ ਸਨ। ਮੈਂ ਤਿੰਨ ਮੀਲ ਦੂਰ ਪਿੰਡ ਕੋਠੇ ਨੂੰ ਜਾਣ ਲੱਗਾ ਤਾਂ ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ। ਮੇਰੇ ਮੂਹਰੇ ਜਾਂਦਾ ਇਕ ਸਾਈਕਲ ਸਵਾਰ ਦਹਿਲ ਕੇ ਡਿੱਗ ਪਿਆ। ਇਹੋ ਕੁਝ ਮੇਰੇ ਨਾਲ ਹੋਇਆ। ਫਾਇਰਿੰਗ ਬਹੁਤ ਤੇਜ਼ ਤੇ ਬਹੁਤ ਉੱਚੀ ਸੀ। ਤੋਪਾਂ ਨੇ ਗੜਗੜਾਹਟ ਪਾ ਦਿੱਤੀ ਸੀ। ਸੜਕ ਕੰਢੇ ਟਾਹਲੀਆਂ ਵੀ ਹਿੱਲ ਗਈਆਂ ਸਨ। ਪਾਕਿਸਤਾਨੀ ਫੌਜ ਨੇ ਸੁਲੇਮਾਨਕੀ ਹੈੱਡ ਵੱਲੋਂ ਹੱਲਾ ਬੋਲ ਦਿੱਤਾ ਸੀ। ਮੈਂ ਰਿੜ੍ਹ ਕੇ ਖਤਾਨਾਂ ’ਚ ਜਾ ਬੈਠਾ ਤੇ ਕੁਝ ਮਿੰਟ ਬਾਅਦ ਗੋਲਾਬਾਰੀ ਰੁਕਣ ’ਤੇ ਵਾਪਸ ਹੋਸਟਲ ’ਚ ਚਲਾ ਗਿਆ।
ਹੋਸਟਲ ਵਿਚ ਵੀਹ- ਪੱਚੀ ਮੁੰਡੇ ਸਨ। ਅਸੀਂ ਸੜਕ ਵੱਲ ਦੀ ਬਾਹਰਲੀ ਕੰਧ ਕੋਲ ਸ਼ਹਿ ਕੇ ਬੈਠੇ ਬਾਰਡਰ ਵੱਲ ਜਾਂਦੀਆਂ ਫੌਜੀ ਗੱਡੀਆਂ ਵੇਖਣ ਲੱਗੇ। ਅੱਠ ਨੌਂ ਵਜੇ ਦਾ ਵਕਤ ਸੀ। ਹਨੇਰਾ ਵਧ ਰਿਹਾ ਸੀ ਤੇ ਗੋਲਾਬਾਰੀ ਲਗਾਤਾਰ ਜਾਰੀ ਸੀ। ਬਾਰਡਰ ਵੱਲ ਦੇ ਪਿੰਡਾਂ ਤੋਂ ਲੋਕ ਗੱਡਿਆਂ, ਪਸ਼ੂਆਂ ਅਤੇ ਟ੍ਰੈਕਟਰਾਂ ਟਰਾਲੀਆਂ ’ਤੇ ਚੜ੍ਹੇ ਆ ਰਹੇ ਸਨ। ਮੈਂ ਸੜਕ ਨੇੜੇ ਜਾ ਕੇ ਕੋਠੇ ਤੋਂ ਆਉਣ ਵਾਲਿਆਂ ਨੂੰ ਉਡੀਕਣ ਲੱਗਾ ਪਰ ਉਥੋਂ ਦਾ ਕੋਈ ਬੰਦਾ ਮੈਨੂੰ ਆਉਂਦਾ ਨਾ ਦਿਸਿਆ। ਮੈਨੂੰ ਧੁੜਕੂ ਲੱਗਾ ਕਿ ਪਿੰਡ ਕੋਠਾ ਕਿਤੇ ਫੌਜ ਦੇ ਘੇਰੇ ਵਿਚ ਘਿਰ ਹੀ ਨਾ ਗਿਆ ਹੋਵੇ। ਫਿਰ ਖ਼ਿਆਲ ਆਇਆ, ਹੋ ਸਕਦੈ ਕੋਠੇ ਵਾਲੇ ਪਿੰਡ ਆਵੇ ਵੱਲ ਦੀ ਕੱਚੇ ਰਾਹ ਨਿਕਲੇ ਹੋਣ। ਮੈਂ ਹਾਕੀ ਲੈ ਕੇ ਸੁਲੇਮਾਨਕੀ ਚੁੰਗੀ ਵੱਲ ਗਿਆ। ਉਥੇ ਵੀ ਪਿੰਡ ਦੇ ਕਿਸੇ ਬੰਦੇ ਦੇ ਨਿਕਲ ਆਉਣ ਦਾ ਪਤਾ ਨਾ ਲੱਗਾ।
ਦਸ ਕੁ ਵਜੇ ਮੈਂ ਕੱਚੇ ਰਾਹ ਪਿੰਡ ਆਵੇ ਨੂੰ ਹੋ ਤੁਰਿਆ। ਸਿੱਲ੍ਹੀਆਂ ਪੈਲੀਆਂ ’ਚ ਭਾਦੋਂ ਦੀ ਭੜਾਸ ਸੀ ਤੇ ਚੌਲਾਂ ਦੀ ਕੱਚੀ ਮਹਿਕ। ਮੇਰੇ ਪੈਰ ਗਾਰੇ ਨਾਲ ਭਰ ਗਏ ਸਨ। ਪਿੰਡ ਆਵੇ ਪੁੱਜਾ ਤਾਂ ਕੋਠੇ ਵਾਲੇ ਉਥੇ ਗੱਡੇ ਤੇ ਟਰਾਲੀਆਂ ਖੜ੍ਹਾਈ ਖੜ੍ਹੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਸੁਖ ਦਾ ਸਾਹ ਲਿਆ। ਉਹ ਕਹਿ ਰਹੇ ਸਨ, ‘‘ਤੋਪਾਂ ਹੁਣ ਬੰਦ ਹੋ ਗਈਆਂ, ਪਿੰਡ ਛੱਡ ਕੇ ਦੂਰ ਕਾਹਦੇ ਲਈ ਜਾਣੈ?” ਮੈ ਫੁੱਫੜ ਹੋਰਾਂ ਨੂੰ ਆਖਿਆ, ‘‘ਤੋਪਾਂ ਉਨ੍ਹਾਂ ਨੇ ਆਪਣੇ ਤੋਂ ਪੁੱਛ ਕੇ ਨੀ ਚਲਾਉਣੀਆਂ। ਸਾਰਾ ਸ਼ਹਿਰ ਨਿਕਲੀ ਜਾਂਦੈ। ਮੈਂ ਖ਼ੁਦ ਦੇਖ ਕੇ ਆਇਐਂ। ਚਲੋ ਛੇਤੀ ਨਿਕਲੀਏ।”
ਅੱਧੀ ਰਾਤੀਂ ਚਾਲੇ ਪਾ ਦਿੱਤੇ। ਕੱਚੀ ਨੀਂਦੇ ਜਾਗੇ ਨਿਆਣੇ ਰੋ ਰਹੇ ਸਨ। ਜੋ ਕੁਝ ਮੈਂ 1947 ਦੇ ਬਟਵਾਰੇ ਬਾਰੇ ਕਿਤਾਬਾਂ ਵਿਚ ਪੜ੍ਹਦਾ ਤੇ ਸੁਣਦਾ ਰਿਹਾ ਸਾਂ ਉਸੇ ਤਰ੍ਹਾਂ ਦਾ ਉਦੋਂ ਮੇਰੀਆਂ ਅੱਖਾਂ ਅੱਗੇ ਵਾਪਰ ਰਿਹਾ ਸੀ। ਲੋਕਾਂ ਦਾ ਗੱਡਿਆਂ ਉਤੇ ਉਧੜ ਗੁਧੜਾ ਸਮਾਨ ਲੱਦਿਆ ਹੋਇਆ ਸੀ। ਬੁੜ੍ਹੀਆਂ ਬੱਚੇ ਸਮਾਨ ਉਪਰ ਬੈਠੇ ਸਨ ਤੇ ਬੰਦੇ ਡੰਗਰ ਪਸ਼ੂ ਹੱਕੀ ਜਾ ਰਹੇ ਸਨ। ਚਾਰ ਚੁਫੇਰੇ ਭਾਜੜ ਪਈ ਹੋਈ ਸੀ। ਰਸਤੇ ਵਿਚ ਵੇਖਿਆ ਕਿ ਵਾਧੂ ਭਾਰ ਲੱਦਣ ਕਰਕੇ ਗੱਡੇ ਪਾਸ ਵੱਜੇ ਪਏ ਸਨ ਤੇ ਗੱਠੜੀਆਂ ਖਿਲਰੀਆਂ ਪਈਆਂ ਸਨ। ਫੁੱਫੜ ਦੀਆਂ ਚਚੇਰੀਆਂ ਭੈਣਾਂ ਮੁਕਤਸਰ ਕੋਲ ਗੋਨਿਆਣੇ ਵਿਆਹੀਆਂ ਸਨ। ਮੇਰੀ ਵੱਡੀ ਭੂਆ ਵੀ ਉਥੇ ਸੀ। ਪੱਕੀ ਨਹਿਰ ਲੰਘ ਕੇ ਮਾਹੂਆਣਾ ਬੋਦਲਾ ਵੀ ਠਾਹਰ ਸੀ। ਉਥੇ ਰੋਟੀ ਟੁੱਕ ਖਾ ਕੇ ਅਸੀਂ ਗੋਨਿਆਣੇ ਚਲੇ ਗਏ।
ਫੁੱਫੜ ਹੋਰੀਂ ਕਾਹਲੀ ਨਾਲ ਨਿਕਲੇ ਸਨ ਇਸ ਲਈ ਸਮਾਨ ਨਹੀਂ ਸਨ ਚੁੱਕ ਸਕੇ। ਕੁਝ ਘਰਾਂ ਦੇ ਬਜ਼ੁਰਗ ਸਾਮਾਨ ਤੇ ਡੰਗਰਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਜਿਨ੍ਹਾਂ ਵਿਚ ਮੇਰੀ ਭੈਣ ਦਾ ਸਹੁਰਾ ਵੀ ਸੀ। ਭੈਣ ਦਾ ਰਿਸ਼ਤਾ ਭੂਆ ਲੈ ਗਈ ਸੀ। ਪਰਿਵਾਰਾਂ ਨੂੰ ਗੋਨਿਆਣੇ ਛੱਡ ਕੇ ਅਸੀਂ ਸਾਮਾਨ ਕੱਢਣ ਲਈ ਫਿਰ ਪਿੰਡ ਕੋਠੇ ਨੂੰ ਮੁੜੇ। ਲੋਕ ਬਾਰਡਰ ਦੇ ਪਿੰਡਾਂ ਵੱਲੋਂ ਉੱਠੇ ਆ ਰਹੇ ਸਨ, ਪਰ ਅਸੀਂ ਬਾਰਡਰ ਵੱਲ ਜਾ ਰਹੇ ਸਾਂ। ਸਾਨੂੰ ਉਧਰ ਜਾਂਦਿਆਂ ਵੇਖ ਕਈ ਹੈਰਾਨ ਸਨ। ਸਾਡੀ ਟਰਾਲੀ ਜਦ ਕੋਠੇ ਦੇ ਖੇਤਾਂ ਵਿਚ ਪੁੱਜੀ ਤਾਂ ਤੋਪਾਂ ਫਿਰ ਚੱਲ ਪਈਆਂ। ਬੜੀ ਜ਼ੋਰ ਦੀ ਗੜਗੜਾਹਟ ਹੋਈ। ਟਰਾਲੀ ਤੋਂ ਛਾਲਾਂ ਮਾਰ ਕੇ ਅਸੀ ਖਾਲਿ਼ਆਂ ਵਿਚ ਜਾ ਲੇਟੇ। ਗੋਲੇ ਸਿਰਾਂ ਉਪਰ ਦੀ ਜਾ ਰਹੇ ਸਨ। ਮੈਂ ਆਪਣੇ ਆਪ ਨੂੰ ਕੋਸ ਰਿਹਾ ਸਾਂ ਕਿ ਚੰਗੇ ਭਲੇ ਨਿਕਲ ਗਏ ਸਾਂ, ਹੁਣ ਐਵੇਂ ਆਣ ਫਸੇ ਹਾਂ। ਕੁਝ ਦੇਰ ਬਾਅਦ ਤੋਪਾਂ ਚੱੁਪ ਹੋਈਆਂ ਤਾਂ ਫਿਰ ਰਿਸਕ ਲੈ ਲਿਆ। ਘਰੋਂ ਤਰਦਾ ਤਰਦਾ ਸਮਾਨ ਚੁੱਕਿਆ ਤੇ ਪਸ਼ੂ ਖੋਲ੍ਹ ਕੇ ਮੂਹਰੇ ਹੱਕੇ। ਗੁਰਦਵਾਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਂਦੀ ਭਾਵੇਂ ਕਿ ਪੂਰੀ ਮਰਿਆਦਾ ਨਹੀਂ ਪਾਲੀ ਜਾ ਸਕੀ। ਡਰ ਸੀ ਕਿ ਫਾਇਰਿੰਗ ਫਿਰ ਨਾ ਸ਼ੁਰੂ ਹੋ ਜਾਵੇ।
ਦੋ ਦਿਨਾਂ ਬਾਅਦ ਖ਼ਬਰ ਮਿਲੀ ਕਿ ਸਾਡੇ ਮਾਸੜ ਜਗੀਰ ਸਿੰਘ ਦੇ ਤੋਪ ਦਾ ਗੋਲਾ ਆ ਵੱਜਾ ਤੇ ਉਹਦਾ ਮੌਕੇ ’ਤੇ ਹੀ ਦਿਹਾਂਤ ਹੋ ਗਿਆ। ਉਹਦੇ ਅੱਗੜ ਪਿੱਛੜ ਜਾ ਰਹੇ ਦੋ ਸਾਥੀ ਬਚ ਗਏ। ਦੋ ਹਫ਼ਤੇ ਬਾਅਦ ਲੜਾਈ ਬੰਦ ਹੋਣ ’ਤੇ ਅਸੀਂ ਫਿਰ ਪਿੰਡ ਗਏ।
ਇਕ ਦਿਨ ਮੈਂ ਤਬਾਹੀ ਦੇ ਦ੍ਰਿਸ਼ ਵੇਖਣ ਕੋਠੇ ਤੋਂ ਇਕ ਮੀਲ ਪਰ੍ਹਾਂ ਪਿੰਡ ਮੁਹੰਮਦ ਪੀਰੇ ਗਿਆ। ਗੁਰਦਵਾਰੇ ਦੀ ਮਸੀਤ ਬਣਾਈ ਹੋਈ ਸੀ ਤੇ ਜਿਥੇ ਗੋਸ਼ਤ ਖਾਣ ਲਈ ਡੰਗਰ ਵੱਢੇ ਗਏ ਸਨ ਉਹ ਜਗ੍ਹਾ ਲਹੂ ਨਾਲ ਤਰ ਹੋਈ ਪੱਥਰ ਬਣੀ ਪਈ ਸੀ। ਬੀਹੀਆਂ ਵਿਚ ਸਿਗਰਟਾਂ ਦੀਆਂ ਖਾਲੀ ਡੱਬੀਆਂ ਤੇ ਟੋਟੇ ਖਿਲਰੇ ਪਏ ਸਨ। ਘਰ ਤਾਂ ਕੋਈ ਸਬੂਤਾ ਬਚਿਆ ਹੀ ਨਹੀਂ ਸੀ। ਉਹ ਪਿੰਡ ਪਾਕਿਸਤਾਨੀ ਫੌਜਾਂ ਦੇ ਕਬਜ਼ੇ ਵਿਚ ਆ ਗਿਆ ਸੀ ਤੇ ਦੁਸ਼ਮਣ ਫੌਜ ਜੋ ਕੁਝ ਕਰਦੀ ਹੈ ਕਿਸੇ ਤੋਂ ਗੁੱਝਾ ਨਹੀਂ। ਹਿੰਦ-ਪਾਕਿ ਜੰਗਾਂ ਦੇ ਦੁੱਖ ਬਾਰਡਰ ਨੇੜੇ ਦੇ ਲੋਕ ਹੀ ਜਾਣਦੇ ਹਨ। ਦਿੱਲੀ ਬੈਠਿਆਂ ਨੂੰ ਇਨ੍ਹਾਂ ਲੜਾਈਆਂ ਦਾ ਅਹਿਸਾਸ ਨਹੀਂ। ਤਦੇ ਤਾਂ ਉਹ ਲੜਾਈ ਲੜਨ ਦੇ ਤੱਤੇ ਬਿਆਨ ਦੇਣੋ ਨਹੀਂ ਟਲਦੇ।

Real Estate