ਖਹਿਰਾ ਦੇ ਸਾਥੀ ਤੇ ਆਪ ਦੇ ਬਾਗੀ MLA ਨਹੀਂ ਦੇਣਗੇ ਅਸਤੀਫੇ

727

ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਦੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਘੱਟਗਿਣਤੀ ਵਿੱਚ ਜਾਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ। ਪਾਰਟੀ ਨੇ ਅਜੇ ਪੰਜਾਬ ਵਿਧਾਨ ਸਭਾ ਵਿੱਚੋਂ ਕੇਵਲ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਹੀ ਸਪੀਕਰ ਕੋਲ ਪਹੁੰਚ ਕੀਤੀ ਹੈ ਹੋਰ ਕਿਸੇ ਬਾਗੀ ਵਿਧਾਇਕ ਬਾਰੇ ਨਹੀਂ। ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਮਗਰੋਂ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਲੰਘੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਲਦੇਵ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਅਜਿਹੀ ਚਰਚਾ ਸੀ ਕਿ ਇਸ ਧੜੇ ਦੇ ਹੋਰ ਵਿਧਾਇਕ ਵੀ ਅਸਤੀਫ਼ਾ ਦੇ ਕੇ ਖਹਿਰਾ ਵੱਲੋਂ ਬਣਾਈ ਨਵੀਂ ‘ਪੰਜਾਬੀ ਏਕਤਾ ਪਾਰਟੀ’ ਵਿਚ ਸ਼ਾਮਲ ਹੋ ਸਕਦੇ ਹਨ।ਆਪ ਪੰਜਾਬ ਦੇ ਬਾਗ਼ੀ ਧੜੇ ਦੇ ਬਾਕੀ ਪੰਜ ਵਿਧਾਇਕ ਪਾਰਟੀ ਜਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਨਹੀਂ ਦੇਣਗੇ ਅਤੇ ਆਪੋ-ਆਪਣੇ ਹਲਕਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਅਨੁਸਾਰ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਹੈ ਕਿ ਲੀਡਰਸ਼ਿਪ ਨਾਲ ਉਨ੍ਹਾਂ ਦੇ ਮੱਤਭੇਦ ਭਾਵੇਂ ਅਜੇ ਵੀ ਬਰਕਰਾਰ ਹਨ, ਪਰ ਉਹ ਨਾ ਤਾਂ ਅਸਤੀਫ਼ਾ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ। ਉਹ ਅੱਜ ਵੀ ‘ਆਪ’ ਦੇ ਵਿਧਾਇਕ ਹਨ ਅਤੇ ਹਾਲੇ ਵੀ ਅਰਵਿੰਦ ਕੇਜਰੀਵਾਲ ਦੇ ਮੁੱਦਈ ਹਨ। ਮਾਨਸ਼ਾਹੀਆ ਨੇ ਕਿਹਾ ਕਿ ਇਕ ਪਾਸੇ ਪਾਰਟੀ ਅਤੇ ਦੂਜੇ ਪਾਸੇ ਖਹਿਰਾ ਧੜੇ ਵੱਲੋਂ ਲੋਕ ਸਭਾ ਚੋਣਾਂ ਲਈ ਹੋਰ ਪਾਰਟੀਆਂ ਨਾਲ ਤਾਂ ਏਕੇ ਦੇ ਯਤਨ ਕੀਤੇ ਜਾ ਰਹੇ ਹਨ, ਪਰ ਜੇ ਦੋਵੇਂ ਧਿਰਾਂ ਏਕਾ ਨਹੀਂ ਕਰ ਸਕਦੀਆਂ ਤਾਂ ਉਨ੍ਹਾਂ ਨੂੰ ਘੱਟੋ-ਘੱਟ ਇਨ੍ਹਾਂ ਚੋਣਾਂ ਲਈ ਆਪਸੀ ਤਾਲਮੇਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਦੋਵਾਂ ਧਿਰਾਂ ਦੇ ਵਿਧਾਇਕਾਂ ਦਾ ਮਿਸ਼ਨ ਇਕੋ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੇ ਵਿਧਾਇਕ ਵਜੋਂ ਹਲਕੇ ਦੀ ਸੇਵਾ ਕਰਨਗੇ ਅਤੇ ਅਸਤੀਫ਼ਾ ਨਹੀਂ ਦੇਣਗੇ।
ਵਿਧਾਨ ਸਭਾ ਹਲਕਾ ਮੌੜ ਦੇ ਬਾਗੀ ਧੜੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਤੋਂ ਅਤੇ ਨਾ ਹੀ ਵਿਧਾਇਕ ਵਜੋਂ ਅਸਤੀਫ਼ਾ ਦੇਣਗੇ। ਉਹ ਵਿਧਾਇਕ ਵਜੋਂ ਹਲਕੇ ਦੇ ਵਸਨੀਕਾਂ ਲਈ ਕੰਮ ਕਰਨਗੇ ਅਤੇ ਪੰਜਾਬ ਦੇ ਹਿਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਦਾ ਸਾਥ ਦੇਣਗੇ।
ਹਲਕਾ ਭਦੌੜ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਵੀ ਇਹੋ ਗੱਲ ਦੁਹਰਾਈ। ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਖਹਿਰਾ ਤੋਂ ਇਲਾਵਾ ਇਸ ਧੜੇ ਦੇ ਬਾਕੀ 6 ਵਿਧਾਇਕਾਂ ਨੇ ਮੀਟਿੰਗ ਕਰਕੇ ਆਪੋ-ਆਪਣੇ ਹਲਕਿਆਂ ਦੇ ਲੋਕਾਂ ਨਾਲ ਸੰਪਰਕ ਬਣਾਉਣ ਦਾ ਫੈਸਲਾ ਲਿਆ ਹੈ। ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ‘ਆਪ’ ਲੀਡਰਸ਼ਿਪ ਨਾਲ ਭਾਵੇਂ ਗੰਭੀਰ ਮੱਤਭੇਦ ਹਨ, ਪਰ ਉਹ ਲੋਕਾਂ ਦੀ ਆਵਾਜ਼ ਅਨੁਸਾਰ ਹੀ ਕੋਈ ਫੈਸਲਾ ਲੈਣਗੇ।

Real Estate