ਭੂਆ ਕੇ ਪਿੰਡ ਦਾ ਕਾਰਨਾਮਾ – ਸੁਖਨੈਬ ਸਿੰਘ ਸਿੱਧੂ

363

 

 

 

ਸੁਖਨੈਬ ਸਿੰਘ ਸਿੱਧੂ

ਜਦੋਂ  ਸਕੂਲ ‘ਚ ਗਰਮੀ ਦੀਆਂ ਛੁੱਟੀਆਂ ਹੋਣਗੀਆਂ   ਜਾਂ  ਹਾਈ ਸਕੂਲ ਖੇਡਾਂ ਆਲ੍ਹੇ ਟੂਰਨਾਮੈਂਟ ਹੋਣੇ  , ਆਪਾਂ ਦਿਆਲਪੁਰੇ ਆਲ੍ਹੀ ਭੂਆ ਕੋਲ ਜਾ ਵੱਜਦੇ । ਉਦੋਂ   ਸਾਡੇ ਜੋਨ ਕੋਠਾ ਗੁਰੂ ਜਾਂ  ਭਗਤਾ ਭਾਈ ਹੁੰਦਾ ਸੀ   ਦਿਆਲਪੁਰੇ  ਮਿਰਜਾ ਰਾਹ ‘ਚ ਆਉਂਦਾ ਸੀ , ਊਂ ਵੀ ਸਾਡੇ ਪਿੰਡੋਂ ਘੋੜਾ ਮਾਅਰਕਾ  ਬੱਸਾਂ ਨਥਾਣਾ – ਭਗਤਾ ਹੋ ਕੇ  ਸਿੱਧੀਆਂ ਜਾਂਦੀਆਂ ਸੀ, ਕਿਰਾਇਆ ਵੀ 75 ਕੁ ਪੈਸੇ ਹੁੰਦਾ ਸੀ ।

ਸਾਰਿਆਂ ਤੋਂ ਵੱਡੀ ਭੂਆ ਗੇਲੋ ਇੱਥੇ ਵਿਆਹੀ ਸੀ ।    ਸਾਡੀ  ਗੇਲੋ ਭੂਆ ਤੇ ਉਥੋਂ ਦੀ  ਗੁਰਮੇਲ ਕੁਰ ।  ਭੂਆ ਕਾ  ‘ਗੰਡਿਆਂ ਦਾ ਲਾਣਾ’ ਬਹੁਤ ਵੱਡਾ ਸੀ।  ਤਿੰਨ -ਚਾਰ ਦਿਉਰ ਜੇਠ , ਉਹਨਾਂ ਦੇ ਨਾਲ ਨਾਲ ਲੱਗਦੇ ਘਰ ।  ਚਾਰ ਭੂਆ ਦੇ ਮੁੰਡੇ  ।  ਇਹੀ  ਹੀ ਭੂਆ  ਮੇਰੀਆਂ ਦੋ ਹੋਰ ਸਕੀਆਂ ਭੂਆ ਦਾ ਰਿਸ਼ਤਾ   ਗੁਆਂਢੀਆਂ ਦੇ ਲੈ ਗਈ ਸੀ ।   ਇਸ ਕਰਕੇ  ਆਪਣੇ ਉੱਥੇ ਪੂਰੇ ਨਜ਼ਾਰੇ ਹੁੰਦੇ ।  ਕੋਈ ਰੋਕ ਟੋਕ ਨਹੀਂ ਹੁੰਦੀ ਸੀ ।

ਪਰ ਛੋਟੀ ਭੂਆ ਕਿ ਮੈਂ ਘੱਟ ਜਾਂਦਾ ਸੀ , ਜਦੋਂ ਜਾਂਦਾ  ਉਹ ਕਹਿੰਦੀ ,’  ਰੋਟੀ ਖਾ ਕੇ   ਮੈਸ ਨੂੰ ਟੋਬੇ ‘ਤੇ ਲੈਜਾ , ‘

ਆਪਾਂ ਉੱਥੋਂ ਕਿਨਾਰਾ  ਕਰਦੇ ,  ਮੈਸਾਂ ਪਿਆਉਣੀਆਂ  ਸੀ ਤਾਂ ਘਰ ਥੋੜੀਆਂ ਸੀ ।

ਇਸ ਕਰਕੇ ਗੋਲੋ ਭੂਆ ਕੇ ਘਰ ਹੀ  ਡੇਰਾ ਹੁੰਦਾ ,  ਦੂਜਾ ਉਹਨਾ ਦਾ ਖੇਤ ਨੇੜੇ ਸੀ ।  ਗਰਮੀਆਂ ‘ਚ ਖੇਤ ਖਰਬੂਜੇ ਹੁੰਦੇ ।  ਉਹ ਮੰਗੂਫਲੀ ਵੀ ਬੀਜਦੇ । ਜਦੋਂ ਮੂੰਗਫਲੀ ਦਾ ਬੀ ਕੱਢਦੇ ਹੁੰਦੇ ਤਾਂ ਆਪਾਂ  ਕੱਚੀ ਮੂੰਗਫਲੀ ਖਾਈ ਜਾਣੀ ਜਾਂ ਫਿਰ  ਗੱਚਕ ਬਣਾਉਣ ਦੇ  ਫਾਰਮੂਲੇ ਸਿੱਖੀ  ਜਾਣੇ।

ਉੱਥੇ ਮੈਨੂੰ ਡਰ ਨਹੀਂ ਹੁੰਦਾ ਸੀ । ਭੂਆ ਦੇ ਮੁੰਡੇ ਵੱਡੇ ਸੀ , ਕਦੇ ਕਦੇ ਕੰਨ ਤਾਂ ਮੇਰੇ ਸੇਕ ਦਿੰਦੇ ।  ਪਰ ਫੁੱਫੜ ਤੋਂ ਬਹੁਤ ਡਰਦਾ ਹੁੰਦਾ ਸੀ । ਉਹ  ਪਊਆ ਕੁ ਪੀ ਕੇ ਭਗਵੰਤ ਮਾਨ ਬਣ ਜਾਂਦਾ ਸੀ ।

ਭੂਆ ਕਿਆ ਨੇ  ਜੱਦੀ ਘਰ ਵੇਚ ਕੇ ਇੱਕ ਹੋਰ ਘਰ  ਲਿਆ , ਉੱਥੇ ਕੋਈ  ਡਾਕਟਰ ਰਹਿੰਦਾ ਸੀ ।  ਪੱਕਾ  ਘਰ ।  ਇੱਕ ਵਾਰੀ ਆਪਾਂ ਵੀ ਗਏ ਸੀ ਉੱਥੇ ।  ਉਹਨਾ  ਦੇ ਇੱਕ ਕਮਰੇ ‘ਚ   ਟਾਂਡ  ‘ਤੇ ਸ਼ੀਸ਼ੇ ਨਾਲ ਬੁਰਸ ਪਿਆ ਕਾਲੇ ਰੰਗ ਦਾ ।    ਮੈਂ ਚੁੱਕਿਆ ਤੇ  ਆਪਣੇ  ਬੂਟਾਂ ਤੇ ਮਾਰ ਲਿਆ   ।  ਬੂਟਾਂ ਤੋਂ ਮਿੱਟੀ  ਤਾਂ ਲਹਿ ਗਈ । ਪਰ ਬੁਰਸ ਦੀ ਹਾਲਤ ਦਲ ਬਦਲੀ ਕਰਕੇ ਆਏ  ਲੀਡਰ ਵਰਗੀ ਹੋਗੀ ।

ਫੁੱਫੜ ਕਹਿੰਦਾ  ,  ‘  ਆਹ ਬੁਰਸ ਦਾ ਨਾਸ ਕੀਹਨੇ ਮਾਰਿਆ ‘

ਬੋਲਣਾ ਕੀਹਨੇ  ਸੀ ।

ਫਿਰ ਭੂਆ   ਮੈਨੂੰ ਕਹਿੰਦੀ , ‘ ਵੇ ਕੋਹੜੀਆਂ ਤੂੰ  ਨਹੀਂ ਛੇੜਿਆ  , ਤੇਰੇ ਫੁੱਫੜ ਦੇ ਬੁਰਸ ਨੂੰ ‘

ਮੈ  ਕਿਹਾ  , ‘ ਮੈਂ ਤਾਂ  ਬੂਟਾਂ ‘ਤੇ ਮਾਰਿਆ ਸੀ ।’

ਫੁੱਫੜ ਕਹਿੰਦਾ ,  ‘ ਫੇਰੇ ਦੇਣੇ ਦਿਆਂ , ਇਹ ਦਾੜੀ ਵਾਲਾ ਬੁਰਸ ਸੀ , ਖੜਜਾ ਮੈਂ ਕਰਦਾ ਤੇਰੀ ਪਾਲਿਸ ।’

ਉਦੋਂ ਕੀ  ਸਨਮਾਨ ਮਿਲਿਆ ਸੀ , ਇਹ ਤਾਂ ਨਹੀਂ ਯਾਦ ਪਰ  ਆਪਣੇ ਕਾਰਨਾਮਿਆਂ ‘ਚ   ਇਹ ਯਾਦ ਹਮੇਸ਼ਾ ਬਣੀ ਰਹੀ ।

Real Estate