ਮਾਮਲਾ ਰਾਜੀਵ ਗਾਂਧੀ ਬੁੱਤ ਤੇ ਕਾਲਖ ਮਲਣ ਦਾ: ਗੋਸ਼ਾ ਦੀਆ ਤਸਵੀਰਾਂ ਵਾਇਰਲ ਹੋਣ ਤੇ ਅਕਾਲੀ ਦਲ ਦੋਚਿੱਤੀ ‘ਚ !

456

ਲੁਧਿਆਣਾ ‘ਚ ਰਾਜੀਵ ਗਾਂਧੀ ਦੇ ਬੁੱਤ ’ਤੇ 25 ਦਸੰਬਰ ਨੂੰ ਕਾਲਖ਼ ਮਲਣ ਕਾਰਨ ਚਰਚਾ ‘ਚ ਆਏ ਅਕਾਲੀ ਦਲ (ਬਾਦਲ) ਦੇ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਸਨਮਾਨਿਤ ਕਰਨ ਦੀ ਤਸਵੀਰ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗੋਸ਼ਾ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਪੰਜਾਬ (ਯੂਥ) ਇਕਾਈ ਦੇ ਪ੍ਰਧਾਨ ਸਨ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਨੇੜਤਾ ਹੋਣ ਕਰਕੇ ਉਹ ਅਕਸਰ ਦਿੱਲੀ ’ਚ ਹੁੰਦੀਆਂ ਸਰਗਰਮੀਆਂ ਵਿਚ ਹਿੱਸਾ ਲੈਂਦੇ ਸਨ। ਸੰਨ 2011 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਨ੍ਹਾਂ ਦਿੱਲੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਜਥੇਦਾਰ ਅਵਤਾਰ ਸਿੰਘ ਮੱਕੜ ਖ਼ਿਲਾਫ਼ ਲੜੀ ਸੀ। ਯੂਪੀਏ ਸਰਕਾਰ ਵੱਲੋਂ ਅਨੰਦ ਮੈਰਿਜ ਐਕਟ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਸਰਨਾ ਭਰਾਵਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਸਨਮਾਨਿਤ ਕੀਤਾ ਸੀ। ਉਸ ਮੌਕੇ ਗੋਸ਼ਾ ਵੀ ਲੁਧਿਆਣਾ ਦੇ ਕੁੱਝ ਹੋਰ ਆਗੂਆਂ ਨਾਲ ਹਾਜ਼ਰ ਸਨ। ਵਾਇਰਲ ਹੋਈ ਤਸਵੀਰ ਵਿਚ ਗੋਸ਼ਾ ਹਰਵਿੰਦਰ ਸਿੰਘ ਸਰਨਾ ਨਾਲ ਦਿਖਾਈ ਦੇ ਰਹੇ ਹਨ। ਇਹ ਤਸਵੀਰ ਪੰਥਕ ਹਲਕਿਆਂ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਤਸਵੀਰ ਦੇ ਨਾਲ ਗੋਸ਼ਾ ਦਾ ਇੱਕ ਹੋਰ ਬਿਆਨ ਦੀ ਖ਼ਬਰ ਵਾਲੀ ਕਟਿੰਗ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੋਸ਼ਾ ਵੱਲੋਂ ਲਿਖਿਆ ਗਿਆ ਹੈ ਕਿ “ਬਾਦਲ ਦਲ ਦੋਗਲਾਪਣ ਤਿਆਗੇ”।
ਖ਼ਬਰਾਂ ਤਾ ਇਹ ਵੀ ਹਨ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਸਨਿਵਾਰ ਨੂੰ ਲੁਧਿਆਣਾ ਆਉਣਾ ਸੀ, ਪਰ ਤਸਵੀਰ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਨੇ ਆਪਣਾ ਇਹ ਪ੍ਰੋਗਰਾਮ ਰੱਦ ਕਰ ਦਿੱਤਾ। ਕਾਲਖ਼ ਮਲਣ ਵਾਲੇ ਦੋਵੇਂ ਆਗੂ ਨਿਆਂਇਕ ਹਿਰਾਸਤ ਵਿਚ ਹਨ।

Real Estate