ਬਾਏ-ਬਾਏ ਹੋਮ ਲੈਂਡ-ਆਪਾਂ ਵਸਣਾ ਨਿਊਜ਼ੀਲੈਂਡ, ਵੱਡੀ ਗਿਣਤੀ ਚ ਭਾਰਤੀਆਂ ਲਈ ‘ਸਿਟੀਜ਼ਨਸ਼ਿਪ’

688

ਔਕਲੈਂਡ 28 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਆਪਣੇ ਵਤਨ ਪ੍ਰਤੀ ਪਿਆਰ ਅਤੇ ਸਤਿਕਾਰ ਕਿਸੀ ਸਰਹੱਦ ਦੀ ਕੈਦ ‘ਚ ਵਿਚ ਨਹੀਂ ਹੁੰਦਾ ਫਰਕ ਐਨਾ ਹੁੰਦਾ ਹੈ ਕਿ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਨਾਲ ਦੇਸ਼ ਦੀ ਧਰਤੀ ਮਾਤਾ ਬਦਲ ਜਾਂਦੀ ਹੈ। ਇਥੇ ਸਹੁੰ ਖਾ ਕੇ ਪੁਸ਼ਟੀ ਕਰਨੀ ਪੈਂਦੀ ਹੈ ਕਿ ਮੈਂ ਦੇਸ਼ ਪ੍ਰਤੀ ਵਫਾਦਾਰ ਰਹਾਂਗਾ ਅਤੇ ਸੱਚੀ ਨਿਸ਼ਠਾ ਰੱਖਾਂਗਾ, ਦੇਸ਼ ਦੇ ਉਤਰਾਧਿਕਾਰੀਆਂ ਪ੍ਰਤੀ ਵਫਾਦਾਰੀ ਨਾਲ ਨਿਯਮਾਂ ਦੀ ਪਾਲਣਾ ਕਰਾਂਗਾਂ ਅਤੇ ਆਪਣੇ ਫਰਜ਼ ਨੂੰ ਪੂਰਾ ਕਰਾਂਗਾ।
ਖੇਤਰਫਲ ਪੱਖੋਂ ਦੁਨੀਆ ਦੇ ਨਕਸ਼ੇ ਉਤੇ 76ਵੇਂ ਸਥਾਨ ਉਤੇ ਆÀੁਂਦਾ ਨਿਊਜ਼ੀਲੈਂਡ ਬਹੁ-ਸਭਿਆਚਾਰਕ ਦੇਸ਼ ਹੈ ਅਤੇ ਇਥੇ ਭਾਰਤੀਆਂ ਦੀ ਆਮਦ 1890 ਤੋਂ ਦਰਜ ਹੈ। ਬਿਨਾਂ ਕਿਸੇ ਹੋਰ ਦੇਸ਼ ਸਰਹੱਦ ਵਾਲੇ ਇਸ ਸੁੰਦਰ ਦੇਸ਼ ਅੰਦਰ ਹੁਣ ਹਰ ਸਾਲ ਇਥੇ ਹਜ਼ਾਰਾਂ ਭਾਰਤੀ ਆਪਣੀ ਲਿਆਕਤ ਅਤੇ ਯੋਗਤਾ ਸਿੱਧ ਕਰਕੇ ਪੱਕੇ ਹੁੰਦੇ ਹਨ ਅਤੇ ਫਿਰ ਮੌਜੂਦਾ 5 ਸਾਲ ਦੀ ਸਮਾਂ-ਸੀਮਾਂ ਦੇ ਵਿਚ ਫਿੱਟ ਹੋ ਕੇ, ਉਚ ਆਚਰਣ ਅਤੇ ਯੋਗਤਾ ਸਿੱਧ ਕਰਕੇ ਦੇਸ਼ ਦੀ ਨਾਗਰਿਕਤਾ (ਸਿਟੀਜ਼ਨਸ਼ਿੱਪ) ਪ੍ਰਾਪਤ ਕਰਦੇ ਹਨ। ਨਵੰਬਰ 2017 ਤੋਂ ਅਕਤੂਬਰ 2018 ਦੇ ਅੰਕੜੇ ਦਸਦੇ ਹਨ ਕਿ ਇਸ ਸਮੇਂ ਦੌਰਾਨ ਦੇਸ਼ ਦੇ ਵਿਚ ਕੁੱਲ 36,084 ਲੋਕਾਂ ਨੇ ਦੇਸ਼ ਦੀ ਨਾਗਰਿਤਾ ਹਾਸਿਲ ਕੀਤੀ। ਔਕਲੈਂਡ ਖੇਤਰ ਜਿੱਥੇ ਦੇਸ਼ ਦੀ ਲਗਪਗ 34% ਆਬਾਦੀ ਰਹਿੰਦੀ ਹੈ, ਦੇ ਵਿਚ ਕੁੱਲ 18,543 ਲੋਕਾਂ ਨੇ ਨਾਗਰਿਕਤਾ ਹਾਸਿਲ ਕੀਤੀ ਜਿਨ੍ਹਾਂ ਵਿਚ 2885 ਭਾਰਤੀ ਲੋਕਾਂ ਨੇ ਇਹ ਨਾਗਰਿਕਤਾ ਹਾਸਿਲ ਕਰਕੇ ਆਪਣੇ ਆਪ ਨੂੰ ਸਭ ਤੋਂ ਉਪਰ ਰੱਖਿਆ ਅਤੇ ਹੋਮਲੈਂਡ ਭਾਰਤ ਨੂੰ ਬਾਏ-ਬਾਏ ਕਰਦਿਆਂ ਨਿਊਜ਼ੀਲੈਂਡ ਨੂੰ ਅਪਣਾ ਲਿਆ। ਦੂਸਰੇ ਨੰਬਰ ਉਤੇ ਸਾਮੋਆ (2033) ਤੀਜੇ ਨੰਬਰ ਉਤੇ ਫੀਜ਼ੀ (1910) ਅਤੇ ਇੰਗਲੈਂਡੀਏ ਚੌਥੇ ਨੰਬਰ (1669) ਉਤੇ ਰਹੇ। ਪਿਛਲੇ ਕੁਝ ਸਾਲਾਂ ਤੋਂ ਨਿਊਜ਼ੀਲੈਂਡ ਦਾ ਵੀਜ਼ਾ ਹਾਸਿਲ ਕਰਨ ਵਾਲਿਆਂ ਦੇ ਚੀਨੀ ਲੋਕ ਅਤੇ ਭਾਰਤੀ ਲੋਕ ਸਭ ਤੋਂ ਅੱਗੇ ਰਹੇ। ਵੱਖ-ਵੱਖ ਸ਼੍ਰੇਣੀਆਂ ਅਧੀਨ ਇਹ ਲੋਕ ਪੱਕੇ ਹੋਏ ਅਤੇ ਫਿਰ ਨਾਗਰਿਕਤਾ ਤੱਕ ਪਹੁੰਚੇ।
ਕੀ ਹੈ ਫਰਕ ਪੀ। ਆਰ। ਅਤੇ ਸਿਟੀਜ਼ਨਸ਼ਿੱਪ ਦਾ? ਨਿਊਜ਼ੀਲੈਂਡ ਦੇ ਵਿਚ ਪੱਕਾ ਹੋਣਾ ਅਤੇ ਨਾਗਰਿਕ ਹਾਸਿਲ ਕਰਨ ਦਾ ਜੇਕਰ ਇਕ ਲਾਈਨ ਦੇ ਵਿਚ ਮਤਲਬ ਸਮਝਣਾ ਹੋਵੇ ਤਾਂ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਹਾਨੂੰ ਪੱਕਾ ਕੀਤਾ ਜਾਂ ਪੀ। ਆਰ। ਦਿੱਤੀ ਜਾਂਦੀ ਹੈ ਤਾਂ ਦੇਸ਼ ਤੁਹਾਨੂੰ ਅਪਣਾ ਲੈਂਦਾ ਹੈ ਜਾਂ ਗੋਦ ਲੈ ਲੈਂਦਾ ਹੈ ਅਤੇ ਜਦੋਂ ਨਾਗਰਿਕਤਾ ਦਿੱਤੀ ਜਾਂਦੀ ਹੈ ਤਾਂ ਤੁਸੀਂ ਦੇਸ਼ ਨੂੰ ਗੋਦ ਲੈ ਲੈਂਦੇ ਹੋ। ਇਸ ਗੱਲ ਦਾ ਬੜਾ ਗਹਿਰਾ ਮਤਲਬ ਹੈ। ਜਿਹੜੇ ਲੋਕ ਨਾਗਰਿਕਤਾ ਹਾਸਿਲ ਕਰਕੇ ਦੇਸ਼ ਦੇ ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹ ਆਪਣੇ ਵਤਨ ਦਾ ਨਾਮ ਵੀ ਮਿੱਟੀ ਦੇ ਵਿਚ ਰੋਲਦੇ ਹਨ।

Real Estate